ਅੱਜ ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਕਰਨਗੇ ਸੜਕਾਂ ਜਾਮ

ਚੰਡੀਗੜ੍ਹ, 23 ਅਕਤੂਬਰ- ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਅੱਜ ਦੁਪਹਿਰ 12 ਵਜੇ ਤੋਂ ਦੇਸ਼ ਵਿਆਪੀ ਸੜਕ ਜਾਮ ਕਰਨਗੀਆਂ। ਪੰਜਾਬ ਭਰ ਵਿਚ ਰੋਡਵੇਜ਼ ਬੱਸ ਸੇਵਾਵਾਂ ਤਿੰਨ ਘੰਟਿਆਂ ਲਈ ਠੱਪ ਰਹਿਣਗੀਆਂ, ਹਾਲਾਂਕਿ ਇਹ ਸਮਾਂ ਵੱਖ-ਵੱਖ ਜ਼ਿਲ੍ਹਿਆਂ ਲਈ ਵੱਖ-ਵੱਖ ਹੈ।
ਪੰਜਾਬ ਰੋਡਵੇਜ਼ ਯੂਨੀਅਨ ਜਲੰਧਰ ਆਪਣੀਆਂ ਮੰਗਾਂ ਲਈ ਦਬਾਅ ਪਾਉਣ ਲਈ ਦੁਪਹਿਰ ਵੇਲੇ ਬੱਸ ਸਟੈਂਡ 'ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰੇਗੀ ਫਿਰ ਰਾਮਾ ਮੰਡੀ ਪੁਲ ਦੇ ਹੇਠਾਂ ਹਾਈਵੇਅ 'ਤੇ ਆਵਾਜਾਈ ਰੋਕ ਦਿੱਤੀ ਜਾਵੇਗੀ। ਇਸ ਸਮੇਂ ਦੌਰਾਨ ਕਿਸੇ ਵੀ ਵਾਹਨ ਨੂੰ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਰੋਡਵੇਜ਼ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਨਾਕਾਬੰਦੀ ਦੌਰਾਨ ਕਿਸੇ ਵੀ ਬੱਸ ਸਟੈਂਡ ਤੋਂ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। ਬੱਸ ਸਟੈਂਡ ਬੰਦ ਰਹੇਗਾ। ਜਲੰਧਰ ਯੂਨੀਅਨ ਦੇ ਪ੍ਰਧਾਨ ਸਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅੱਜ ਚੰਡੀਗੜ੍ਹ ਵਿਚ ਏਸੀ ਬੱਸਾਂ ਲਈ ਟੈਂਡਰ ਜਾਰੀ ਕਰਨ ਜਾ ਰਹੀ ਹੈ। ਜੇਕਰ ਇਸ ਟੈਂਡਰ ਨੂੰ ਨਹੀਂ ਰੋਕਿਆ ਗਿਆ ਤਾਂ ਸੜਕਾਂ ਨੂੰ ਜਾਮ ਕੀਤਾ ਜਾਵੇਗਾ।