ਪਿੰਡ ਮਰੜ੍ਹੀ ਖੁਰਦ ਦੇ ਵਸਨੀਕ ਅਕਾਲੀ ਪੰਚ ਨੂੰ ਤਿੰਨ ਮੋਟਰਸਾਇਕਲ ਸਵਾਰਾਂ ਵਲੋਂ ਗੋਲੀਆਂ ਮਾਰ ਕੇ ਕੀਤਾ ਗੰਭੀਰ ਜ਼ਖ਼ਮੀ
ਮਜੀਠਾ, (ਅੰਮ੍ਰਿਤਸਰ), 7 ਨਵੰਬਰ (ਜਗਤਾਰ ਸਿੰਘ ਸਹਿਮੀ)- ਹਲਕਾ ਮਜੀਠਾ ਦੇ ਪਿੰਡ ਮਰੜ੍ਹੀ ਖੁਰਦ ਦੇ ਵਸਨੀਕ ਮੌਜੂਦਾ ਪੰਚ ਨੂੰ ਅੱਡਾ ਥੀਏਵਾਲ ਵਿਖੇ ਤਿੰਨ ਅਣ-ਪਛਾਤੇ ਵਿਅਕਤੀਆਂ ਵਲੋਂ ਗੋਲੀਆ ਮਾਰ ਕੇ ਜ਼ਖ਼ਮੀ ਕਰਨ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਹਲਕਾ ਮਜੀਠਾ ਦੇ ਪਿੰਡ ਮਰੜ੍ਹੀ ਖੁਰਦ ਦਾ ਵਸਨੀਕ ਅਕਾਲੀ ਆਗੂ ਮੌਜੂਦਾ ਪੰਚਾਇਤ ਮੈਂਬਰ ਮੁਖਵਿੰਦਰ ਸਿੰਘ ਉਰਫ਼ ਮੁੱਖਾ ਪੁੱਤਰ ਬਲਕਾਰ ਸਿੰਘ ਅੱਜ ਸਵੇਰੇ ਆਪਣੀ ਭਤੀਜੀ, ਜੋ ਅਮ੍ਰਿਤਸਰ ਵਿਖੇ ਪੜ੍ਹਦੀ ਹੈ, ਨੂੰ ਰੋਜ ਦੀ ਤਰ੍ਹਾਂ ਬੱਸ ’ਤੇ ਚੜਾਉਣ ਲਈ ਜਾ ਰਿਹਾ ਸੀ ਕਿ ਜਦ ਉਹ ਮਰੜ੍ਹੀ ਖੁਰਦ ਦੇ ਨੇੜੇ ਪੈਂਦੇ ਅੱਡਾ ਥੀਏਵਾਲ ਵਿਖੇ ਪਹੁੰਚਿਆ ਤਾਂ ਤਿੰਨ ਅਣ-ਪਛਾਤੇ ਨੌਜਵਾਨਾਂ ਨੇ ਅਚਾਨਕ ਉਸ 'ਤੇ ਗੋਲੀਆਂ ਚਲਾ ਦਿੱਤੀਆਂ ਤੇ ਹਮਲਾਵਰ ਮੌਕੇ ’ਤੇ ਭੱਜਣ ਵਿਚ ਕਾਮਯਾਬ ਹੋ ਗਏ। ਇਸ ਦੌਰਾਨ ਮੁਖਵਿੰਦਰ ਸਿੰਘ ਨੂੰ ਗੋਲੀਆਂ ਲੱਗਣ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ । ਸੂਤਰਾਂ ਮੁਤਾਬਕ ਮੁਖਵਿੰਦਰ ਸਿੰਘ ਦੇ ਪੰਜ ਗੋਲੀਆਂ ਲੱਗੀਆਂ ਹਨ। ਮੁਖਵਿੰਦਰ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਅੰਮ੍ਰਿਤਸਰ ਵਿਖੇ ਲਿਜਾਇਆ ਗਿਆ, ਜਿਥੇ ਉਸ ਨੂੰ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿਚ ਆਈ. ਸੀ. ਯੂ. 'ਚ ਜ਼ੇਰੇ ਇਲਾਜ ਰੱਖਿਆ ਗਿਆ ਹੈ। ਇਸ ਘਟਨਾ ਨਾਲ ਇਲਾਕੇ ਵਿਚ ਡਰ ਦਾ ਮਾਹੌਲ ਹੈ।
;
;
;
;
;
;
;
;