JALANDHAR WEATHER

ਸੰਤੋਸ਼ੀ ਨਗਰ ਵਿਖੇ ਨੌਜਵਾਨਾਂ ਵਲੋਂ ਗੁੰਡਾਗਰਦੀ

ਜਲੰਧਰ, 1 ਦਸੰਬਰ- ਦੇਰ ਰਾਤ ਜਲੰਧਰ ਦੇ ਕਾਜ਼ੀ ਮੰਡੀ ਨੇੜੇ ਸੰਤੋਸ਼ੀ ਨਗਰ ਇਲਾਕੇ ਵਿਚ ਗੁੰਡਾਗਰਦੀ ਦਾ ਇਕ ਨੰਗਾ ਨਾਚ ਦੇਖਣ ਨੂੰ ਮਿਲਿਆ। ਤੇਜ਼ਧਾਰ ਹਥਿਆਰਾਂ ਨਾਲ ਲੈਸ ਅੱਠ ਤੋਂ ਦਸ ਨੌਜਵਾਨ ਸੰਤੋਸ਼ੀ ਨਗਰ ਲੇਨ ਨੰਬਰ 2 ਵਿਚ ਦਾਖਲ ਹੋਏ, ਲੋਕਾਂ ਦੇ ਵਾਹਨਾਂ ਦੀ ਭੰਨਤੋੜ ਕੀਤੀ ਅਤੇ ਇਕ ਨੌਜਵਾਨ 'ਤੇ ਬੁਰੀ ਤਰ੍ਹਾਂ ਹਮਲਾ ਕੀਤਾ। ਹਮਲਾਵਰ ਵੀ ਸੰਤੋਸ਼ੀ ਨਗਰ ਦੇ ਵਸਨੀਕ ਦੱਸੇ ਜਾ ਰਹੇ ਹਨ।

ਫ਼ੋਨ 'ਤੇ ਜਾਣਕਾਰੀ ਦਿੰਦੇ ਹੋਏ ਸੰਤੋਸ਼ੀ ਨਗਰ ਦੇ ਮਿੰਟੂ ਕੁਮਾਰ ਨੇ ਕਿਹਾ ਕਿ ਉਸ ਦਾ ਭਰਾ ਰਾਜੀਵ ਕੁਮਾਰ ਆਪਣੀ ਕਾਰ ਪਾਰਕ ਕਰਨ ਗਿਆ ਸੀ ਜਦੋਂ ਦੋ ਤੋਂ ਤਿੰਨ ਨੌਜਵਾਨਾਂ ਨਾਲ ਝਗੜਾ ਹੋ ਗਿਆ। ਮਿੰਟੂ ਨੇ ਕਿਹਾ ਕਿ ਬਾਅਦ ਵਿਚ ਹਥਿਆਰਾਂ ਨਾਲ ਲੈਸ ਅੱਠ ਤੋਂ ਦਸ ਨੌਜਵਾਨ ਉਸ ਦੀ ਲੇਨ ਵਿਚ ਦਾਖਲ ਹੋਏ, ਉਸ ਦੇ ਭਰਾ 'ਤੇ ਹਮਲਾ ਕੀਤਾ ਤੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਨ੍ਹਾਂ ਨੇ ਲੋਕਾਂ ਦੇ ਦੋਪਹੀਆ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਅਤੇ ਕਈ ਘਰਾਂ 'ਤੇ ਪੱਥਰਬਾਜ਼ੀ ਕੀਤੀ।


ਘਟਨਾ ਤੋਂ ਬਾਅਦ ਰਾਮਾ ਮੰਡੀ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਮਿੰਟੂ ਨੇ ਕਿਹਾ ਕਿ ਹਮਲਾਵਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਭੱਜ ਗਏ ਸਨ ਅਤੇ ਉਸ ਦੇ ਭਰਾ ਨੂੰ ਹੁਣ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ