ਵੋਟ ਪੋਲਿੰਗ ਦੀ ਰਫ਼ਤਾਰ ਸੁਸਤ ਹੋਣ ਕਾਰਨ ਪੂਰੇ ਸਮੇਂ ਤੱਕ 50% ਵੋਟਾਂ ਪੋਲ ਹੋਣ ਦਾ ਅਨੁਮਾਨ
ਧਨੌਲਾ, 14 ਦਸੰਬਰ (ਜਤਿੰਦਰ ਸਿੰਘ ਧਨੌਲਾ)- ਇਲਾਕੇ ਦੇ ਵੱਡੇ ਪਿੰਡ ਵਜੋਂ ਜਾਣੇ ਜਾਂਦੇ ਪਿੰਡ ਕਾਲੇਕੇ ਦੇ ਪੋਲਿੰਗ ਬੂਥ ਅੰਦਰ ਦੁਪਹਿਰ ਢਾਈ ਵਜੇ ਤੱਕ ਤਕਰੀਬਨ 15% ਹੀ ਵੋਟ ਪੋਲ ਹੋ ਸਕੀ। ਵੋਟਿੰਗ ਦਾ ਸਮਾਂ ਚਾਰ ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ। ਇੱਕ ਅਨੁਮਾਨ ਅਨੁਸਾਰ ਪੂਰੇ ਸਮੇਂ ਤੱਕ 50% ਤੋਂ ਘੱਟ ਵੋਟਾਂ ਪੋਲ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰੀਸ਼ਦ ਚੋਣ ਧੌਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਿਰਭੈ ਸਿੰਘ ਦੇ ਪੋਲਿੰਗ ਬੂਥ ਤੇ ਵੋਟਰਾਂ ਨੂੰ ਹੁਲਾਰਾ ਦੇ ਰਹੇ ਪਿੰਡ ਕਾਲੇਕੇ ਦੀ ਸਰਪੰਚ ਦੇ ਪਤੀ ਜਸਵਿੰਦਰ ਸਿੰਘ ਕਾਕਾ ਨੇ ਆਖਿਆ ਕਿ ਵੋਟਰਾਂ ਵਿਚ ਇਸ ਵਾਰੀ ਉਤਸ਼ਾਹ ਮੱਠਾ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਜ਼ਿਲ੍ਹਾ ਪ੍ਰੀਸ਼ਦ ਲਈ ਆਮ ਆਦਮੀ ਪਾਰਟੀ ਵਲੋਂ ਨਿਰਭੈ ਸਿੰਘ, ਕਾਂਗਰਸ ਪਾਰਟੀ ਵੱਲੋਂ ਸਰਬਜੀਤ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅਵਤਾਰ ਸਿੰਘ ਕਾਲੇਕੇ ਉਮੀਦਵਾਰ ਹਨ। ਪ੍ਰੰਤੂ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਭਾਈਚਾਰਕ ਸਾਂਝ ਨੂੰ ਮਜਬੂਤ ਰੱਖਦਿਆਂ ਲੰਗਰ ਇਕੱਠਾ ਰੱਖਿਆ ਗਿਆ ਹੈ। ਜਸਵਿੰਦਰ ਸਿੰਘ ਕਾਕਾ ਨੇ ਦੱਸਿਆ ਕਿ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹ ਰਹੀਆਂ ਹਨ। ਕਿਸੇ ਪ੍ਰਕਾਰ ਦੀ ਕੋਈ ਅਣਸੁਖਾਵੀਂ ਘਟਨਾ ਦਾ ਅਨੁਮਾਨ ਨਹੀਂ ਹੈ। ਪੁਲਿਸ ਪ੍ਰਸ਼ਾਸਨ ਵਲੋਂ ਅਮਨ ਪੂਰਵਕ ਚੋਣਾਂ ਕਰਵਾਉਣ ਲਈ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ।
;
;
;
;
;
;
;
;