ਘਨੌਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਕਾਊਂਟਿੰਗ ਸੈਂਟਰਾਂ 'ਤੇ ਹੰਗਾਮਾ
ਘਨੌਰ, 17 ਦਸੰਬਰ (ਸਰਦਾਰਾ ਸਿੰਘ ਲਾਛੜੂ )- ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਦੌਰਾਨ ਅੱਜ ਬਲਾਕ ਸ਼ੰਭੂ ਅਤੇ ਬਲਾਕ ਘਨੌਰ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ। ਜਿੱਥੇ ਇੱਕ ਪਾਸੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਵਿਰੋਧੀ ਪਾਰਟੀਆਂ ਨੇ ਸੱਤਾਧਾਰੀ ਧਿਰ 'ਤੇ ਚੋਣ ਪ੍ਰਕਿਰਿਆ ਵਿੱਚ ਦਖ਼ਲਅੰਦਾਜ਼ੀ ਕਰਨ ਦੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਪ੍ਰਦਰਸ਼ਨ ਕੀਤਾ।
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਸਰਕਾਰ ਨੂੰ ਘੇਰਿਆ। ਕਾਊਂਟਿੰਗ ਸੈਂਟਰਾਂ ਦੇ ਅੰਦਰੋਂ ਵਿਰੋਧੀ ਪਾਰਟੀਆਂ ਦੇ ਕਾਊਂਟਿੰਗ ਏਜੰਟਾਂ ਨੂੰ ਧੱਕੇ ਨਾਲ ਬਾਹਰ ਕੱਢ ਦਿੱਤਾ ਗਿਆ ਹੈ। ਮੌਜੂਦਾ ਵਿਧਾਇਕ ਗੁਰਲਾਲ ਸਿੰਘ ਘਨੌਰ ਖ਼ੁਦ ਕਾਊਂਟਿੰਗ ਸੈਂਟਰ ਦੇ ਅੰਦਰ ਮੌਜੂਦ ਹਨ, ਜੋ ਕਿ ਨਿਯਮਾਂ ਦੀ ਉਲੰਘਣਾ ਹੈ। ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਵਰਕਰਾਂ ਨੇ ਇੱਕਠੇ ਹੋ ਕੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਹਲਕਾ ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਬਿਨਾਂ ਵਜ੍ਹਾ ਮਾਹੌਲ ਖਰਾਬ ਕਰ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਖ਼ੁਦ ਕਾਊਂਟਿੰਗ ਸੈਂਟਰ ਤੋਂ ਬਾਹਰ ਮੌਜੂਦ ਹਨ। ਉਮੀਦਵਾਰਾਂ ਦੇ ਕਾਊਂਟਿੰਗ ਏਜੰਟ ਅੰਦਰ ਆਪਣੀ ਡਿਊਟੀ ਕਰ ਰਹੇ ਹਨ। ਵਿਰੋਧੀ ਪਾਰਟੀਆਂ ਆਪਣੀ ਹਾਰ ਦੇ ਡਰੋਂ ਬਿਨਾਂ ਗੱਲ ਤੋਂ ਬਵਾਲ ਖੜ੍ਹਾ ਕਰ ਰਹੀਆਂ ਹਨ।
ਵਿਧਾਇਕ ਨੇ ਅੱਗੇ ਕਿਹਾ ਕਿ ਲੋਕਤੰਤਰ ਵਿੱਚ ਜਨਤਾ ਦਾ ਫੈਸਲਾ ਸਰਵੋਪਰੀ ਹੁੰਦਾ ਹੈ ਅਤੇ ਜੋ ਵੀ ਨਤੀਜਾ ਆਵੇਗਾ, ਉਹ ਸਭ ਨੂੰ ਮਨਜ਼ੂਰ ਹੋਣਾ ਚਾਹੀਦਾ ਹੈ। ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਥਿਤੀ ਨੂੰ ਕੰਟਰੋਲ ਵਿੱਚ ਹੋਣ ਦਾ ਦਾਅਵਾ ਕੀਤਾ ਹੈ, ਪਰ ਵਿਰੋਧੀ ਧਿਰਾਂ ਵੱਲੋਂ ਲਗਾਏ ਗਏ ਇਲਜ਼ਾਮਾਂ ਨੇ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਖ਼ਬਰ ਲਿਖੇ ਜਾਣ ਤੱਕ ਕਾਊਂਟਿੰਗ ਸੈਂਟਰਾਂ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਸੀ।
;
;
;
;
;
;
;
;