JALANDHAR WEATHER

ਚਾਰ ਸਾਹਿਬਜ਼ਾਦੇ ਨਾ ਹੀ ਬਾਲ ਤੇ ਨਾ ਹੀ ਵੀਰ ਬਲਕਿ ਉਹ ਗੁਰੂ ਸਾਹਿਬ ਦੀ ਜੋਤ ਹਨ- ਪ੍ਰਧਾਨ ਧਾਮੀ

ਮਾਛੀਵਾੜਾ ਸਾਹਿਬ, 24 ਦਸੰਬਰ (ਰਾਜਦੀਪ ਸਿੰਘ ਅਲਬੇਲਾ)- ਅੱਜ ਸਾਲਾਨਾ ਜੋੜ ਮੇਲ ਦੇ ਅਖੀਰਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਨਤਮਸਤਕ ਹੋਏ। ਪ੍ਰੈੱਸ ਕਾਨਫ਼ਰੰਸ ਦੌੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਧਾਮੀ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਸਿੱਖ ਪੰਥ ’ਤੇ ਵੱਡੇ ਹਮਲੇ ਹੋ ਰਹੇ ਹਨ, ਜਿਨ੍ਹਾਂ ਦਾ ਸਾਹਮਣਾ ਕਰਨ ਲਈ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈ ਅਤੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਰਕਾਰ ਵੱਡਾ ਬਣਨ ਦੀ ਕੋਸ਼ਿਸ਼ ਨਾ ਕਰੇ। ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਦੋਂ ਇਹ ਵੀਰ, ਬਾਲ ਦਿਵਸ ਸ਼ੁਰੂ ਹੋਇਆ ਸੀ ਉਨ੍ਹਾਂ ਨੇ ਉਸ ਵੇਲੇ ਵਿਰੋਧ ਕਰਦਿਆਂ ਕਿਹਾ ਸੀ ਕਿ ਚਾਰ ਸਾਹਿਬਜ਼ਾਦੇ ਸਾਡੇ ਗੁਰੂ ਸਾਹਿਬ ਦੀ ਜੋਤ ਹਨ। ਉਨ੍ਹਾਂ ਕਿਹਾ ਕਿ ਚਾਹੇ ਵੀਰ ਸ਼ਬਦ ਜੋੜ ਦਿੰਦੇ ਪਰ ਸਾਡੇ ਸਾਹਿਬਜ਼ਾਦੇ ਬਾਲ ਨਹੀਂ ਹਨ। ਉਨ੍ਹਾਂ ਕਿਹਾ ਕਿ ਸਿੱਖੀ ਸਿਧਾਂਤ ਨੂੰ ਤੋੜਨ ਲਈ ਵਸੀਲੇ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਇਹ ਭਾਜਪਾ ਵਲੋਂ ਜੋ ਗੁਰੂ ਸਾਹਿਬ ਅਤੇ ਚਾਰ ਸਾਹਿਬਜ਼ਾਦਿਆਂ ਦਾ ਕਾਰਟੂਨ ਬਣਾਇਆ ਹੈ, ਉਸ ਦੀ ਉਹ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਨ।


ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਜਿਹੀਆਂ ਹਰਕਤਾਂ ਤੋਂ ਸਰਕਾਰਾਂ ਬਾਜ ਨਾ ਆਈਆਂ ਤਾਂ ਸਿੱਖ ਪੰਥ ਨੂੰ ਸੋਚਣਾ ਵੀ ਪਵੇਗਾ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੂੰ ਮਨੁੱਖ ਤੇ ਕਾਰਟੂਨ ਦੇ ਤੌਰ ’ਤੇ ਕਦੇ ਵੀ ਨਹੀਂ ਦਿਖਾਇਆ ਜਾ ਸਕਦਾ। ਇਸ ਲਈ ਹੁਣ ਸਾਡੀ ਪ੍ਰੀਖਿਆ ਨਾ ਲਈ ਜਾਵੇ। ਪ੍ਰਧਾਨ ਧਾਮੀ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਬੜਾ ਲੰਮਾ ਅਰਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਰੌਲਾ ਪਾਉਂਦੀ ਰਹੀ ਅਤੇ ਹੁਣ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਲਈ ਜੋ ਸਿੱਟ ਬਣਾਈ ਗਈ ਹੈ, ਇਹ ਸਰਕਾਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੱਡਾ ਬਣਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਦਾ ਮਾਮਲੇ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਪਣੇ ਅਧਿਕਾਰ ਖੇਤਰ ਵਿਚ ਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੇ ਲੰਮੇ ਅਰਸੇ ਤੋਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾ ਰਹੀ ਹੈ ਕੀ ਹੁਣ ਪੁਲਿਸ ਚਲਾਏਗੀ। ਪ੍ਰਧਾਨ ਧਾਮੀ ਨੇ ਕਿਹਾ ਕਿ ਇਹ 328 ਸਰੂਪ ਕਿਧਰੇ ਗੁੰਮ ਨਹੀਂ ਹੋਏ, ਜਿਸ ਨੂੰ ਡਾ. ਈਸ਼ਰ ਦੀ ਰਿਪੋਰਟ ਕਹਿੰਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕੋਈ ਨਿੱਜੀ ਲੜਾਈ ਨਹੀਂ ਲੜੀ ਬਲਕਿ ਦਬੇ, ਕੁਚਲੇ, ਗਰੀਬਾਂ ਅਤੇ ਧਰਮ ਖਾਤਿਰ ਲੜਾਈ ਲੜੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ