ਅੰਨ੍ਹੇ ਕਤਲ ਦਾ ਪਰਦਾਫਾਸ਼- ਸਕੇ ਭਰਾ ਨੇ ਹੀ ਭੈਣ ਤੇ ਮਾਂ ਨੂੰ ਮਾਰ ਕੇ ਲਾਸ਼ਾਂ ਨੂੰ ਲਾਈ ਸੀ ਅੱਗ
ਸੰਗਰੂਰ, 25 ਜਨਵਰੀ ( ਧੀਰਜ ਪਿਸੌਰੀਆ ) - ਜ਼ਿਲ੍ਹਾ ਪੁਲਿਸ ਸੰਗਰੂਰ ਵਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਦਿੜ੍ਹਬਾ ਏਰੀਆ ’ਚ ਹੋਏ ਦੂਹਰੇ ਅੰਨ੍ਹੇ ਕਤਲ ਨੂੰ ਟਰੇਸ ਕਰਕੇ ਸਕੇ ਭਰਾ ਵਲੋਂ ਆਪਣੀ ਮਾਂ ਅਤੇ ਭੈਣ ਦਾ ਕਤਲ ਕਰਨ ਸੰਬੰਧੀ ਰਚੀ ਗਈ ਸਾਜਿਸ਼ ਦਾ ਪਰਦਾਫਾਸ਼ ਕੀਤਾ ਗਿਆ ਤੇ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ।
ਪੁਲਿਸ ਅਨੁਸਾਰ ਲੰਘੀ 17 ਜਨਵਰੀ ਨੂੰ ਇਤਲਾਹ ਮਿਲੀ ਸੀ ਕਿ ਸਰਬਜੀਤ ਕੌਰ (ਉਮਰ 35 ਸਾਲ) ਵਾਸੀ ਮੋੜਾਂ, ਜੋ ਪੰਜਾਬ ਪੁਲਿਸ ’ਚ ਸੀ. ਆਈ. ਡੀ. ਯੂਨਿਟ ਦਿੜ੍ਹਬਾ ਵਿਖੇ ਡਿਊਟੀ ਕਰਦੀ ਸੀ, ਆਪਣੀ ਕਾਰ ਨੰਬਰ ਪੀ ਬੀ 13 ਬੀ ਐੱਸ 1294 ਮਾਰਕਾ ਸਵਿਫਟ ’ਚ ਆਪਣੀ ਮਾਤਾ ਇੰਦਰਜੀਤ ਕੌਰ (ਉਮਰ 55 ਸਾਲ) ਨੂੰ ਰਿਸ਼ਤੇਦਾਰੀ ’ਚ ਪਿੰਡ ਭਾਈ ਕੀ ਪਿਸ਼ੌਰ ਛੱਡਣ ਲਈ ਘਰ ਤੋਂ ਸਵੇਰੇ ਚੱਲੀ ਸੀ, ਜਿਸਨੇ ਆਪਣੀ ਮਾਤਾ ਨੂੰ ਉੱਥੇ ਛੱਡ ਕੇ ਡਿਊਟੀ ਉਪਰ ਜਾਣਾ ਸੀ, ਰਸਤੇ ’ਚ ਸੂਲਰ ਘਰਾਟ ਤੋਂ ਪਿੰਡ ਛਾਹੜ ਨੂੰ ਜਾਂਦੀ ਸੜਕ ਉਤੇ ਉਸਦੀ ਗੱਡੀ ਦਾ ਐਕਸੀਡੈਂਟ ਹੋਣ ਕਾਰਨ ਕਾਰ ਨੂੰ ਅੱਗ ਲੱਗਣ ਕਾਰਨ ਦੋਵੇਂ ਮਾਵਾਂ ਧੀਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਦੇ ਕੰਕਾਲ ਕਾਰ ’ਚ ਹੀ ਪਏ ਸਨ। ਜਿਸ ਉਪਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ।
ਮੁਕੱਦਮੇ ਨੂੰ ਟਰੇਸ ਕਰਨ ਲਈ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਯੋਗ ਅਗਵਾਈ ਹੇਠ ਰੁਪਿੰਦਰ ਕੌਰ ਉਪ ਕਪਤਾਨ ਪੁਲਿਸ ਸਬ-ਡਵੀਜਨ ਦਿੜ੍ਹਬਾ ਦੀ ਨਿਗਰਾਨੀ ਹੇਠ ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ.ਆਈ.ਏ ਸੰਗਰੂਰ ਅਤੇ ਇੰਸਪੈਕਟਰ ਕਮਲਜੀਤ ਸਿੰਘ, ਮੁੱਖ ਅਫਸਰ ਥਾਣਾ ਦਿੜ੍ਹਬਾ ਦੀਆਂ ਸਪੈਸ਼ਲ ਟੀਮਾਂ ਬਣਾ ਕੇ ਟੈਕਨੀਕਲ ਢੰਗ ਨਾਲ ਤਫਤੀਸ਼ ਅਮਲ ’ਚ ਲਿਆਂਦੀ ਗਈ।
ਤਫਤੀਸ਼ ਦੌਰਾਨ ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮੌੜਾਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਤੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਗਈ। ਪੁੱਛ-ਗਿੱਛ ਦੌਰਾਨ ਦੋਸ਼ੀ ਨੇ ਮੰਨਿਆ ਕਿ ਉਸਨੇ ਹੀ ਆਪਣੀ ਭੈਣ ਸਰਬਜੀਤ ਕੌਰ ਅਤੇ ਮਾਤਾ ਇੰਦਰਜੀਤ ਕੌਰ ਨੂੰ ਮਾਰ ਕੇ ਕਾਰ ’ਚ ਲਾਸ਼ਾਂ ਰੱਖ ਕੇ, ਐਕਸੀਡੈਂਟ ਦਾ ਰੂਪ ਦੇ ਕੇ ਕਾਰ ਉਪਰ ਪੈਟਰੋਲ ਛਿੜਕ ਕੇ ਅੱਗ ਲਗਾਈ ਸੀ ਤੇ ਮੌਕੇ ਉਤੋਂ ਭੱਜ ਗਿਆ ਸੀ। ਹੁਣ ਪੁਲਿਸ ਨੇ ਦੱਸਿਆ ਕਿ ਦੋਸ਼ੀ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਇਸ ਮੌਕੇ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਸੰਗਰੂਰ, ਰੁਪਿੰਦਰ ਕੌਰ ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਦਿੜ੍ਹਬਾ, ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ.ਆਈ.ਏ ਸੰਗਰੂਰ, ਇੰਸਪੈਕਟਰ ਕਮਲਜੀਤ ਸਿੰਘ, ਮੁੱਖ ਅਫਸਰ ਥਾਣਾ ਦਿੜ੍ਹਬਾ ਅਤੇ ਹੋਰ ਮੌਜੂਦ ਸਨ।
;
;
;
;
;
;
;
;