ਲਕਸ਼ਮੀ ਧਰਮ ਕੰਡੇ ਅੰਦਰ ਟੋਰੈਂਟ ਗੈਸ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ
ਰਾਜਪੁਰਾ, 8 ਫਰਵਰੀ (ਰਣਜੀਤ ਸਿੰਘ, ਅਮਰਜੀਤ ਸਿੰਘ ਪੰਨੂ)- ਰਾਜਪੁਰਾ ਪਟਿਆਲਾ ਜੀਟੀ ਰੋਡ 'ਤੇ ਇਕ ਵੱਡੇ ਪੈਲੇਸ ਦੇ ਨੇੜੇ ਫੈਕਟਰੀ ਦੇ ਗੋਦਾਮ ਵਿਚ ਪਲਾਸਟਿਕ ਦੇ ਪਾਈਪ ਪਏ ਹਨ। ਉਨ੍ਹਾਂ ਨੂੰ ਅਚਾਨਕ ਅੱਗ ਲੱਗ ਗਈ। ਸਾਰੇ ਪਾਸੇ ਅਫਰਾ-ਤਫਰੀ ਵਾਲਾ ਮਾਹੌਲ ਹੈ। ਜਿਸ ਥਾਂ ਉਤੇ ਅੱਗ ਲੱਗੀ ਹੈ, ਉਸ ਦੇ ਨਾਲ ਰਾਜਪੁਰੇ ਦਾ ਮਸ਼ਹੂਰ ਮੈਰਿਜ ਪੈਲੇਸ ਹੈ, ਉਸ ਪੈਲੇਸ ਵਿਚ ਵਿਆਹ ਦਾ ਫੰਕਸ਼ਨ ਚੱਲ ਰਿਹਾ ਸੀ। ਅੱਗ ਕਾਰਨ ਵਿਆਹ ਦੇ ਫੰਕਸ਼ਨ ਦੇ ਰੰਗ ਵਿਚ ਵੀ ਭੰਗ ਪੈ ਗਿਆ ਅਤੇ ਉੱਥੇ ਵੀ ਅਫਰਾ-ਤਫਰੀ ਮਚ ਗਈ।
ਤਾਜ਼ਾ ਜਾਣਕਾਰੀ ਅਨੁਸਾਰ ਰਾਜਪੁਰਾ ਦੇ ਲਕਸ਼ਮੀ ਧਰਮ ਕੰਡੇ ਦੇ ਅੰਦਰ ਟੋਰੈਂਟ ਗੈਸ ਦਾ ਇਕ ਗੋਦਾਮ ਬਣਿਆ ਹੈ। ਜਿਸ ਵਿਚ ਅੱਜ ਭਿਆਨਕ ਅੱਗ ਲੱਗ ਗਈ। ਇਸ ਗੋਦਾਮ ਵਿਚ ਵੱਡੀ ਗਿਣਤੀ ਵਿਚ ਪਲਾਸਟਿਕ ਦੀਆਂ ਪਾਈਪਾਂ ਪਈਆਂ ਹੋਣ ਕਾਰਨ ਅੱਗ ਨੇ ਤੇਜ਼ੀ ਨਾਲ ਭਿਆਨਕ ਰੂਪ ਧਾਰਨ ਕਰ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਰਾਜਪੁਰਾ, ਪਟਿਆਲਾ ਅਤੇ ਡੇਰਾਬੱਸੀ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ। ਪੁਲਿਸ ਪ੍ਰਸ਼ਾਸਨ ਵੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ 'ਤੇ ਮੌਜੂਦ ਹੈ।
ਅੱਗ ਬਾਰੇ ਜਾਣਕਾਰੀ ਦਿੰਦਿਆਂ ਲਕਸ਼ਮੀ ਧਰਮ ਕੰਡੇ ਦੇ ਮਾਲਕ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਹ ਗੋਦਾਮ ਉਨ੍ਹਾਂ ਨੇ ਟੋਰੈਂਟ ਗੈਸ ਕੰਪਨੀ ਨੂੰ ਕਿਰਾਏ 'ਤੇ ਦਿੱਤਾ ਹੋਇਆ ਸੀ। ਉਨ੍ਹਾਂ ਚਿੰਤਾ ਜਤਾਈ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕੋਲ ਪਾਣੀ ਦੀ ਸਪਲਾਈ ਘੱਟ ਹੋਣ ਕਾਰਨ ਅੱਗ 'ਤੇ ਕਾਬੂ ਪਾਉਣ ਵਿਚ ਮੁਸ਼ਕਲ ਆ ਰਹੀ ਹੈ। ਇਸ ਸੰਬੰਧੀ ਜਦੋਂ ਥਾਣਾ ਖੇੜੀ ਗੰਡਿਆਂ ਦੇ ਐਸ.ਐਚ.ਓ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਰਾਜਪੁਰਾ ਦੇ ਫਾਇਰ ਅਫਸਰ ਰੁਪਿੰਦਰ ਰੂਬੀ ਨੇ ਦੱਸਿਆ ਕਿ ਟੋਰੈਂਟ ਗੈਸ ਦੀਆਂ ਪਾਈਪਾਂ ਕਾਰਨ ਅੱਗ ਤੇਜ਼ੀ ਨਾਲ ਫੈਲੀ ਹੈ, ਜਿਸ ਨੂੰ ਬੁਝਾਉਣ ਲਈ ਪਟਿਆਲਾ ਅਤੇ ਰਾਜਪੁਰਾ ਤੋਂ ਲਗਾਤਾਰ ਗੱਡੀਆਂ ਮੰਗਵਾਈਆਂ ਜਾ ਰਹੀਆਂ ਹਨ
;
;
;
;
;
;
;
;
;