'ਆਪ' ਵਲੋਂ 12 ਫਰਵਰੀ ਦੇ ਭਾਰਤ ਬੰਦ ਨੂੰ ਭਰਪੂਰ ਹਮਾਇਤ ਦਾ ਐਲਾਨ; ਕਿਹਾ, ਮਜ਼ਦੂਰਾਂ ਤੇ ਕਿਸਾਨਾਂ ਦੀ ਲੜਾਈ ਸਾਡੀ ਲੜਾਈ
ਚੰਡੀਗੜ੍ਹ, 11 ਫਰਵਰੀ -ਆਮ ਆਦਮੀ ਪਾਰਟੀ ਨੇ 10 ਕੇਂਦਰੀ ਟਰੇਡ ਯੂਨੀਅਨਾਂ ਅਤੇ ਕਿਸਾਨ ਜਥੇਬੰਦੀਆਂ ਵਲੋਂ 12 ਫਰਵਰੀ ਨੂੰ ਸੱਦੇ ਗਏ ਦੇਸ਼ ਵਿਆਪੀ ਭਾਰਤ ਬੰਦ ਨੂੰ ਆਪਣੀ ਮੁਕੰਮਲ ਹਿਮਾਇਤ ਦੇਣ ਦਾ ਐਲਾਨ ਕੀਤਾ ਹੈ। ਪਾਰਟੀ ਨੇ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਮਜ਼ਦੂਰ-ਵਿਰੋਧੀ ਲੇਬਰ ਨੀਤੀਆਂ ਅਤੇ ਕਿਸਾਨ-ਮਾਰੂ ਆਰਥਿਕ ਫ਼ੈਸਲਿਆਂ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਸਮੇਤ ਪੂਰੇ ਦੇਸ਼ ਵਿਚ 'ਆਪ' ਦੇ ਵਰਕਰ ਮਜ਼ਦੂਰਾਂ ਅਤੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਇਸ ਬੰਦ ਵਿਚ ਸ਼ਾਮਿਲ ਹੋਣਗੇ।
ਪਾਰਟੀ ਬੁਲਾਰਿਆਂ ਨੇ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਨਵੇਂ ਲੇਬਰ ਕੋਡ ਲਾਗੂ ਕਰਕੇ ਮਜ਼ਦੂਰਾਂ ਦੇ ਹੱਕਾਂ 'ਤੇ ਸਿੱਧਾ ਹਮਲਾ ਕੀਤਾ ਹੈ। ਇਨ੍ਹਾਂ ਨਵੇਂ ਕੋਡਾਂ ਨਾਲ ਨੌਕਰੀ ਦੀ ਸੁਰੱਖਿਆ ਘਟਾਈ ਗਈ ਹੈ, ਕਾਨੂੰਨੀ ਸੁਰੱਖਿਆ ਦੀਆਂ ਧਾਰਾਵਾਂ ਕਮਜ਼ੋਰ ਕੀਤੀਆਂ ਗਈਆਂ ਹਨ ਅਤੇ ਮਾਲਕਾਂ ਨੂੰ ਭਰਤੀ ਤੇ ਛਾਂਟੀ ਵਿਚ ਬੇਲਗਾਮ ਛੋਟ ਦਿੱਤੀ ਗਈ ਹੈ, ਜਿਸ ਨਾਲ ਕਰੋੜਾਂ ਮਿਹਨਤਕਸ਼ ਲੋਕਾਂ ਦੇ ਹੱਕ ਅਤੇ ਹਿੱਤ ਖ਼ਤਰੇ ਵਿਚ ਪੈ ਗਏ ਹਨ। ਕਿਸਾਨ ਜਥੇਬੰਦੀਆਂ ਦਾ ਇਸ ਬੰਦ ਨੂੰ ਸਮਰਥਨ ਦੇਣਾ ਸਾਬਤ ਕਰਦਾ ਹੈ ਕਿ ਭਾਜਪਾ ਦੀਆਂ ਆਰਥਿਕ ਨੀਤੀਆਂ ਨੇ ਸਿਰਫ਼ ਮਜ਼ਦੂਰਾਂ ਨੂੰ ਹੀ ਨਹੀਂ ਸਗੋਂ ਕਿਸਾਨਾਂ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਪਾਰਟੀ ਹਮੇਸ਼ਾ ਮਜ਼ਦੂਰਾਂ, ਕਿਸਾਨਾਂ ਅਤੇ ਆਮ ਲੋਕਾਂ ਦੇ ਹੱਕਾਂ ਲਈ ਸੜਕਾਂ 'ਤੇ ਉਤਰ ਕੇ ਲੜਦੀ ਰਹੀ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਜ਼ਦੂਰਾਂ ਦੀ ਘੱਟੋ-ਘੱਟ ਤਨਖ਼ਾਹ ਵਧਾਉਣ, ਕਿਸਾਨਾਂ ਦੀ ਕਣਕ-ਝੋਨੇ ਦੀ ਫ਼ਸਲ ਦੀ ਸਮੇਂ ਸਿਰ ਖ਼ਰੀਦ ਅਤੇ ਆਮ ਲੋਕਾਂ ਨੂੰ ਮੁਫ਼ਤ ਬਿਜਲੀ, ਸਿਹਤ ਸੇਵਾਵਾਂ ਤੇ ਸਿੱਖਿਆ ਵਰਗੀਆਂ ਸਹੂਲਤਾਂ ਦੇ ਕੇ ਸਾਬਤ ਕੀਤਾ ਹੈ ਕਿ ਅਸਲ ਵਿਚ ਲੋਕਾਂ ਦੀ ਗੱਲ ਕਰਨ ਵਾਲੀ ਪਾਰਟੀ ਕਿਹੜੀ ਹੈ।
;
;
;
;
;
;
;
;