JALANDHAR WEATHER

ਡੀ.ਐਸ.ਪੀ. ਪੱਟੀ ਅਤੇ ਐਸ.ਐਚ.ਓ. ਸਰਹਾਲੀ ਨੂੰ ਇਹਤਿਆਤੀ ਪੁਲਿਸ ਕਾਰਵਾਈ ਨਾ ਕਰਨ ਦੇ ਚਲਦਿਆਂ ਕੀਤਾ ਮੁਅੱਤਲ

ਚੰਡੀਗੜ੍ਹ/ਤਰਨ ਤਾਰਨ, 18 ਫਰਵਰੀ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਹਰਬਰਿੰਦਰ ਸਿੰਘ ਦੇ ਕਤਲ ਦੀ ਜਾਂਚ ਦਾ ਨਿੱਜੀ ਤੌਰ ’ਤੇ ਜਾਇਜ਼ਾ ਲੈਣ ਪਿੱਛੋਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ, ਫਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ ਅਤੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ, ਤਰਨ ਤਾਰਨ ਸੁਰੇਂਦਰ ਲਾਂਬਾ ਨੂੰ ਹਿਦਾਇਤ ਕੀਤੀ ਹੈ ਕਿ ਉਹ ਜਾਂਚ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ ਅਤੇ ਛੇਤੀ ਤੋਂ ਛੇਤੀ ਦੋਸ਼ੀਆਂ ਨੂੰ ਨਿਆਂ ਦੇ ਘੇਰੇ ਵਿਚ ਲਿਆਂਦਾ ਜਾਵੇ।

ਜਾਣਕਾਰੀ ਅਨੁਸਾਰ ਪੀੜਤ ਹਰਬਰਿੰਦਰ ਸਿੰਘ ਨੂੰ, ਸਰਹਾਲੀ ਪੁਲਿਸ ਥਾਣੇ ਦੇ ਅਧਿਕਾਰ ਖੇਤਰ ਵਿਚ ਪੈਂਦੇ ਸਿੱਧੂ ਫਾਰਮ ਵਿਖੇ ਇਕ ਵਿਆਹ ਸਮਾਗਮ ਦੌਰਾਨ 2 ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ ਅਤੇ ਹਸਪਤਾਲ ਲਿਜਾਂਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ ਸੀ। ਮੌਕੇ ’ਤੇ ਮੌਜੂਦ ਇਕ ਹੋਰ ਵਿਅਕਤੀ ਨੇ ਹਮਲਾਵਰਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਗੋਲੀਬਾਰੀ ਦੌਰਾਨ ਉਸ ਦੀ ਲੱਤ ’ਤੇ ਗੋਲੀ ਲੱਗੀ ਅਤੇ ਉਹ ਇਸ ਸਮੇਂ ਜ਼ੇਰੇ-ਇਲਾਜ ਹੈ।

ਘਟਨਾ ਦੀ ਜਵਾਬਦੇਹੀ ਤੈਅ ਕਰਦਿਆਂ ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਡੀ.ਐਸ.ਪੀ. ਪੱਟੀ, ਜਗਬੀਰ ਸਿੰਘ ਅਤੇ ਐਸ.ਐਚ.ਓ. ਸਰਹਾਲੀ , ਗੁਰਵਿੰਦਰ ਸਿੰਘ ਨੂੰ ਬਣਦੀ ਇਹਤਿਆਤੀ ਪੁਲਿਸ ਕਾਰਵਾਈ ਨਾ ਕਰਨ ਦੇ ਚਲਦਿਆਂ ਮੁਅੱਤਲ ਕਰ ਦਿੱਤਾ ਗਿਆ ਹੈ। ਐਸ.ਐਸ.ਪੀ. ਸੁਰੇਂਦਰ ਲਾਂਬਾ ਨੇ ਅੱਗੇ ਦੱਸਿਆ ਕਿ ਹੁਣ ਤੱਕ ਕੀਤੀ ਗਈ ਜਾਂਚ ਦੇ ਆਧਾਰ ’ਤੇ ਇਸ ਮਾਮਲੇ ਵਿਚ ਧਮਕੀ ਜਾਂ ਜਬਰਨ ਵਸੂਲੀ ਆਦਿ ਨਾਲ ਸੰਬੰਧਿਤ ਕੋਈ ਵੀ ਪਹਿਲੂ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਮੁੱਢਲੀ ਪੁੱਛਗਿੱਛ ਤੋਂ ਜਾਪਦਾ ਹੈ ਕਿ ਨਿੱਜੀ ਦੁਸ਼ਮਣੀ ਜਾਂ ਬਦਲਾਖ਼ੋਰੀ ਵਾਰਦਾਤ ਦਾ ਸੰਭਾਵੀ ਕਾਰਨ ਹੋ ਸਕਦੀ ਹੈ। ਐਸ.ਐਸ.ਪੀ. ਨੇ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਵਿਗਿਆਨਕ ਅਤੇ ਤਕਨੀਕੀ ਢੰਗ ਨਾਲ ਜਾਂਚ ਕੀਤੀ ਜਾ ਰਹੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ