JALANDHAR WEATHER

ਚੰਡੀਗੜ੍ਹ ਦੇ ਸੋਨੂੰ ਸ਼ਾਹ ਕਤਲ ਮਾਮਲੇ 'ਚ ਲਾਰੈਂਸ ਬਿਸ਼ਨੋਈ ਸਮੇਤ ਪੰਜ ਮੁਲਜ਼ਮ ਬਰੀ, ਤਿੰਨ ਦੋਸ਼ੀ ਕਰਾਰ

ਚੰਡੀਗੜ੍ਹ, 19 ਫ਼ਰਵਰੀ  (ਮਾਹਨਾ, ਮਾਰਕੰਡਾ) – ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਸੱਤ ਸਾਲ ਪੁਰਾਣੇ ਬਹੁ-ਚਰਚਿਤ ਰਾਜਵੀਰ ਸਿੰਘ ਉਰਫ਼ ਸੋਨੂੰ ਸ਼ਾਹ ਕਤਲ ਮਾਮਲੇ ਵਿਚ ਅਹਿਮ ਫੈਸਲਾ ਸੁਣਾਉਂਦੇ ਹੋਏ ਲਾਰੈਂਸ ਬਿਸ਼ਨੋਈ ਸਮੇਤ ਪੰਜ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ, ਜਦਕਿ ਤਿੰਨ ਹੋਰ ਮੁਲਜ਼ਮਾਂ ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤੇ ਗਏ ਮੁਲਜ਼ਮਾਂ ਨੂੰ 20 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ।

ਅਦਾਲਤ ਵਲੋਂ ਬਰੀ ਕੀਤੇ ਗਏ ਮੁਲਜ਼ਮਾਂ ਵਿਚ ਲਾਰੈਂਸ ਬਿਸ਼ਨੋਈ, ਧਰਮਿੰਦਰ ਸਿੰਘ, ਅਭਿਸ਼ੇਕ ਉਰਫ਼ ਬੰਟੀ, ਰਾਜੂ ਬਸੋਦੀ ਅਤੇ ਦੀਪਕ ਰੰਗਾ ਦੇ ਨਾਮ ਸ਼ਾਮਿਲ ਹਨ। ਇਸ ਦੇ ਨਾਲ ਹੀ ਸ਼ੁਭਮ ਉਰਫ਼ ਬਿਗਨੀ, ਮਨਜੀਤ ਉਰਫ਼ ਮੋਟਾ ਅਤੇ ਰਾਜਨ ਉਰਫ਼ ਜਾਟ ਨੂੰ ਅਦਾਲਤ ਨੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਹੈ। ਇਹ ਸਾਰੇ ਮੁਲਜ਼ਮ ਇਸ ਵੇਲੇ ਚੰਡੀਗੜ੍ਹ, ਦਿੱਲੀ, ਅੰਬਾਲਾ ਅਤੇ ਗੁਜਰਾਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਹਨ।

ਜ਼ਿਕਰਯੋਗ ਹੈ ਕਿ 28 ਸਤੰਬਰ 2019 ਨੂੰ ਪ੍ਰਾਪਰਟੀ ਡੀਲਰ ਰਾਜਵੀਰ ਸਿੰਘ ਉਰਫ਼ ਸੋਨੂੰ ਸ਼ਾਹ ਦਾ ਕਤਲ ਬੁਡੈਲ ਪਿੰਡ ਸਥਿਤ ਉਸ ਦੇ ਦਫ਼ਤਰ ਵਿੱਚ ਗੋਲੀ ਮਾਰ ਕੇ ਕਰ ਦਿੱਤਾ ਗਿਆ ਸੀ। ਹਮਲਾਵਰਾਂ ਨੇ ਦਫ਼ਤਰ ਵਿਚ ਦਾਖਲ ਹੋ ਕੇ ਲਗਭਗ 14 ਰਾਉਂਡ ਫਾਇਰ ਕੀਤੇ, ਜਿਸ ਕਾਰਨ ਸੋਨੂੰ ਸ਼ਾਹ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸਦੇ ਸਾਥੀ ਜੋਗਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਏ ਸਨ।

ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਵੌਇਸ ਸੁਨੇਹਾ ਵੀ ਵਾਇਰਲ ਹੋਇਆ ਸੀ, ਜਿਸ ਵਿਚ ਰਾਜੂ ਬਸੋਦੀ ਨੇ ਕਥਿਤ ਤੌਰ 'ਤੇ ਇਸ ਕਤਲ ਦੀ ਜ਼ਿੰਮੇਵਾਰੀ ਬਿਸ਼ਨੋਈ ਗੈਂਗ ਵਲੋਂ ਲੈਣ ਦਾ ਦਾਅਵਾ ਕੀਤਾ ਸੀ। ਇਸ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਦੀ ਅਪਰਾਧ ਸ਼ਾਖਾ ਵਲੋਂ ਕੀਤੀ ਗਈ ਸੀ ਅਤੇ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਇਹ ਕਤਲ ਜੇਲ੍ਹ ਵਿਚ ਬੈਠੇ ਗੈਂਗ ਨੈੱਟਵਰਕ ਰਾਹੀਂ ਯੋਜਨਾਬੱਧ ਢੰਗ ਨਾਲ ਕਰਵਾਇਆ ਗਿਆ ਸੀ।

ਜਾਂਚ ਤੋਂ ਬਾਅਦ ਪੁਲਿਸ ਨੇ ਸਤੰਬਰ 2019 ਵਿਚ ਲਾਰੈਂਸ ਬਿਸ਼ਨੋਈ ਸਮੇਤ ਅੱਠ ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ। ਲੰਬੇ ਸਮੇਂ ਤੱਕ ਚੱਲੀ ਸੁਣਵਾਈ ਦੌਰਾਨ ਅਦਾਲਤ ਨੇ ਸਾਰੇ ਸਬੂਤਾਂ ਅਤੇ ਗਵਾਹਾਂ ਦੇ ਬਿਆਨਾਂ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਫੈਸਲਾ ਸੁਣਾਇਆ ਹੈ।

ਇਸ ਫੈਸਲੇ ਨੂੰ ਇਸ ਮਾਮਲੇ ਵਿਚ ਇਕ ਵੱਡਾ ਮੋੜ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਕੇਸ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਹੁਣ ਸਾਰੇ ਦੀਆਂ ਨਜ਼ਰਾਂ 20 ਫਰਵਰੀ ਨੂੰ ਹੋਣ ਵਾਲੀ ਸਜ਼ਾ ਦੀ ਘੋਸ਼ਣਾ 'ਤੇ ਟਿਕੀਆਂ ਹੋਈਆਂ ਹਨ, ਜਦ ਅਦਾਲਤ ਦੋਸ਼ੀ ਕਰਾਰ ਦਿੱਤੇ ਗਏ ਤਿੰਨ ਮੁਲਜ਼ਮਾਂ ਦੀ ਸਜ਼ਾ ਦਾ ਐਲਾਨ ਕਰੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ