ਪੈਟਰੋਲ-ਡੀਜ਼ਲ ਦੀ ਕਿੱਲਤ ਦੀਆਂ ਅਫ਼ਵਾਹਾਂ ਕਾਰਨ ਪੈਟਰੋਲ ਪੰਪਾਂ 'ਤੇ ਲੋਕਾਂ ਦਾ ਜਮਾਵੜਾ ਲੱਗਿਆ
ਸੁਨਾਮ ਊਧਮ ਸਿੰਘ ਵਾਲਾ, 26 ਮਾਰਚ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)-ਈਰਾਨ-ਇਜ਼ਰਾਈਲ ਜੰਗ ਦੇ ਚੱਲਦਿਆਂ ਲੋਕਾਂ 'ਚ ਗੈਸ ਅਤੇ ਪੈਟਰੋਲ -ਡੀਜ਼ਲ ਦੀ ਕਿੱਲਤ ਹੋਣ ਦੀਆਂ ਅਫ਼ਵਾਹਾਂ ਦਾ ਦੌਰ ਜਾਰੀ ਹੈ। ਜਿਸ ਨੂੰ ਲੈ ਕੇ ਅੱਜ ਸਵੇਰ ਤੋਂ ਹੀ ਸੁਨਾਮ ਸ਼ਹਿਰ ਦੇ ਪੈਟਰੋਲ ਪੰਪਾਂ 'ਤੇ ਲੋਕਾਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਲੋਕਾਂ ਵਲੋਂ ਇਕਦਮ ਬੇਲੋੜੀ ਅਤੇ ਵਾਧੂ ਖਰੀਦਦਾਰੀ ਕਰਨ ਕਾਰਨ ਪੈਟਰੋਲ ਪੰਪਾਂ 'ਤੇ ਪੈਟਰੋਲ-ਡੀਜ਼ਲ ਦਾ ਸਟਾਕ ਕੁਝ ਹੀ ਸਮੇਂ ਵਿਚ ਖਤਮ ਹੋ ਗਿਆ। ਜਿਸ ਕਾਰਨ ਸ਼ਹਿਰ ਦੇ ਜ਼ਿਆਦਾਤਰ ਪੈਟਰੋਲ ਪੰਪ ਮਾਲਕਾਂ ਨੂੰ ਆਪਣੇ ਪੰਪਾਂ 'ਤੇ ਪੈਟਰੋਲ ਅਤੇ ਡੀਜ਼ਲ ਖਤਮ ਹੋਣ ਦੇ ਬੋਰਡ ਲਿਖ ਕੇ ਲਾਉਣ ਲਈ ਮਜਬੂਰ ਹੋਣਾ ਪਿਆ।
ਇਸ ਸਮੇਂ ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਸੀ ਕਿ ਪੈਟਰੋਲ ਅਤੇ ਡੀਜ਼ਲ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਕਿੱਲਤ ਨਹੀਂ ਅਤੇ ਤੇਲ ਕੰਪਨੀਆਂ ਵਲੋਂ ਰੋਜ਼ਾਨਾ ਦੀ ਤਰ੍ਹਾਂ ਲੋੜ ਅਨੁਸਾਰ ਪੈਟਰੋਲ ਪੰਪਾਂ ਨੂੰ ਪੈਟਰੋਲ-ਡੀਜ਼ਲ ਦੀ ਨਾ ਸਿਰਫ ਨਿਰਵਿਘਨ ਸਪਲਾਈ ਕੀਤੀ ਜਾ ਰਹੀ ਹੈ, ਸਗੋਂ ਲੋਕਾਂ ਵਲੋਂ ਕੀਤੀ ਜਾ ਰਹੀ ਪੈਟਰੋਲ-ਡੀਜ਼ਲ ਦੀ ਬੇਲੋੜੀ ਅਤੇ ਵਾਧੂ ਖਰੀਦਦਾਰੀ ਕਾਰਨ ਪੈਟਰੋਲ ਪੰਪਾ 'ਤੇ ਵਾਹਨਾਂ ਅਤੇ ਲੋਕਾਂ ਦਾ ਜਮਾਵੜਾ ਲੱਗਣ ਕਾਰਨ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਲੋਕਾਂ ਨੂੰ ਅਫ਼ਵਾਹਾਂ 'ਤੇ ਯਕੀਨ ਨਾ ਕਰਨ ਲਈ ਇਕ ਪਾਸੇ ਸ਼ਹਿਰ ਦੇ ਪੈਟਰੋਲ ਪੰਪ ਮਾਲਕ ਪੈਟਰੋਲ-ਡੀਜ਼ਲ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕਿੱਲਤ ਨਾ ਹੋਣ ਦਾ ਦਾਅਵਾ ਕਰ ਰਹੇ ਹਨ ਅਤੇ ਦੂਜੇ ਪਾਸੇ ਐਸ. ਡੀ. ਐਮ. ਸੁਨਾਮ ਊਧਮ ਸਿੰਘ ਵਾਲਾ ਗਗਨਦੀਪ ਸਿੰਘ ਵਲੋਂ ਵੀ ਲੋਕਾਂ ਨੂੰ ਗੈਸ ਅਤੇ ਪੈਟਰੋਲ-ਡੀਜ਼ਲ ਦੀ ਵਾਧੂ ਖਰੀਦਦਾਰੀ ਤੇ ਜਮ੍ਹਾਖੋਰੀ ਨਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
;
;
;
;
;
;
;
;
;