ਐਡਵੋਕੇਟ ਧਾਮੀ ਵਲੋਂ ਸ. ਰਘੁਜੀਤ ਸਿੰਘ ਵਿਰਕ, ਸ. ਬਲਦੇਵ ਸਿੰਘ ਕਾਇਮਪੁਰ ਤੇ ਹੋਰਾਂ `ਤੇ ਪਰਚਾ ਦਰਜ ਕਰਨ ਦੀ ਨਿੰਦਾ
ਅੰਮ੍ਰਿਤਸਰ, 30 ਮਾਰਚ (ਜਸਵੰਤ ਸਿੰਘ ਜੱਸ)--ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਪੁਲਿਸ ਵਲੋਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੁਜੀਤ ਸਿੰਘ ਵਿਰਕ, ਅੰਤ੍ਰਿੰਗ ਮੈਂਬਰ ਸ. ਬਲਦੇਵ ਸਿੰਘ ਕਾਇਮਪੁਰ ਸਮੇਤ ਹੋਰਾਂ ਤੇ ਪਰਚਾ ਦਰਜ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪੁਲਿਸ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਕਾਰਜਸ਼ੀਲ ਮੀਰੀ-ਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ ਉਤੇ ਜਬਰੀ ਕਬਜ਼ਾ ਕਰਨ ਆਏ ਬਲਜੀਤ ਸਿੰਘ ਦਾਦੂਵਾਲ ਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੀ ਥਾਂ ਸੰਸਥਾ ਦੇ ਨੁਮਾਇੰਦਿਆਂ ਉਤੇ ਪਰਚਾ ਦਰਜ ਕਰਕੇ ਦੋਸ਼ੀਆਂ ਦੇ ਹੱਕ ਵਿਚ ਭੁਗਤ ਰਹੀ ਹੈ।
ਉਨ੍ਹਾਂ ਕਿਹਾ ਕਿ ਇੰਝ ਲੱਗਦਾ ਹੈ ਕਿ ਸਰਕਾਰਾਂ ਅਜਿਹੇ ਲੋਕਾਂ ਦੀ ਧੱਕੇਸ਼ਾਹੀ ਰੋਕਣ ਦੀ ਥਾਂ ਮੂਕ ਸਹਿਮਤੀ ਦੇ ਰਹੀਆਂ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਮੈਡੀਕਲ ਕਾਲਜ ਹਰਿਆਣਾ ਦੇ ਲੋਕਾਂ ਦੀ ਸਹੂਲਤ ਲਈ ਕਾਰਜਸ਼ੀਲ ਹੈ ਅਤੇ ਸ਼੍ਰੋਮਣੀ ਕਮੇਟੀ ਇਸ ਦੀ ਸਹਾਇਤਾ ਲਈ ਹਰ ਸਾਲ ਕਰੋੜਾਂ ਰੁਪਏ ਦਿੰਦੀ ਹੈ। ਉਨ੍ਹਾਂ ਹਰਿਆਣਾ ਸਰਕਾਰ ਨੂੰ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਉਤੇ ਕੀਤੀ ਐਫ. ਆਈ. ਆਰ. ਤੁਰੰਤ ਰੱਦ ਕੀਤੀ ਜਾਵੇ ਅਤੇ ਜਬਰੀ ਕਬਜ਼ਾ ਕਰਨ ਦੀ ਹਰਕਤ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਯਕੀਨੀ ਬਣਾਈ ਜਾਵੇ।
;
;
;
;
;
;
;