JALANDHAR WEATHER

ਮੁੱਖ ਮੁਲਜ਼ਮ ਗ੍ਰਿਫ਼ਤਾਰ ਨਾ ਹੋਣ ’ਤੇ ਕਾਂਗਰਸ ਵਲੋਂ ਮਾਲਵਾ ਚੌਕ ’ਚ ਦਿੱਤਾ ਜਾਵੇਗਾ ਧਰਨਾ -ਰਾਜਾ ਗਿੱਲ

ਮਾਛੀਵਾੜਾ ਸਾਹਿਬ, 30 ਮਾਰਚ (ਰਾਜਦੀਪ ਸਿੰਘ ਅਲਬੇਲਾ) - ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਦੇਰ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 24 ਘੰਟੇ ਬੀਤ ਜਾਣ ਦੇ ਬਾਵਜੂਦ ਪੁਲਿਸ ਸਾਡੇ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਅਤੇ ਪਰਿਵਾਰ ਨਾਲ ਮਸ਼ਵਰਾ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ ਕਿ ਜਦੋਂ ਤੱਕ ਕਾਤਲ ਗ੍ਰਿਫ਼ਤਾਰ ਨਹੀਂ ਕੀਤੇ ਜਾਂਦੇ ਅਤੇ ਕਤਲ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਜਾਂਦਾ, ਉਦੋਂ ਤੱਕ ਉਹ ਮ੍ਰਿਤਕ ਪਰਮਿੰਦਰ ਤਿਵਾੜੀ ਦੀ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ ਅਤੇ ਨਾ ਹੀ ਸਸਕਾਰ ਕਰਨਗੇ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਰੋਸ ਵਜੋਂ 31 ਮਾਰਚ ਨੂੰ ਸਵੇਰੇ 10 ਵਜੇ ਪਿੰਡ ਹਾੜੀਆਂ ਦੇ ਮਾਲਵਾ ਚੌਕ ਵਿਚ ਰੋਸ ਧਰਨਾ ਦਿੱਤਾ ਜਾਵੇਗਾ, ਜਿਸ ਵਿਚ ਉਨ੍ਹਾਂ ਪਾਰਟੀ ਵਰਕਰਾਂ, ਆਮ ਲੋਕਾਂ ਅਤੇ ਹੋਰ ਵੀ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਤਿਵਾੜੀ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇਸ ਸੰਘਰਸ਼ ਵਿਚ ਸਾਡਾ ਸਾਥ ਦੇਣ। ਰਾਜਾ ਗਿੱਲ ਨੇ ਕਿਹਾ ਕਿ ਇਸ ਰੋਸ ਧਰਨੇ ’ਚ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਜ਼ਿਲਾ ਪ੍ਰਧਾਨ ਲਖਵੀਰ ਸਿੰਘ ਲੱਖਾ ਵੀ ਵਿਸ਼ੇਸ਼ ਤੌਰ ’ਤੇ ਪੁੱਜਣਗੇ। ਇਸ ਮੌਕੇ ਉਨ੍ਹਾਂ ਨਾਲ ਸ਼ਹਿਰੀ ਪ੍ਰਧਾਨ ਕਪਿਲ ਆਨੰਦ, ਸਾਬਕਾ ਸਰਪੰਚ ਸੁਖਦੀਪ ਸਿੰਘ ਸੋਨੀ, ਪਰਮਜੀਤ ਪੰਮੀ, ਹਰਚੰਦ ਸਿੰਘ ਆਦਿ ਵੀ ਮੌਜੂਦ ਸਨ।
ਦੂਜੇ ਪਾਸੇ ਏਸੀਪੀ ਇੰਦਰਜੀਤ ਸਿੰਘ ਬੋਪਾਰਾਏ ਨੇ ਦੇਰ ਸ਼ਾਮ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਕਤਲ ਮਾਮਲੇ ਵਿਚ 4 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿਸ ਵਿਚ ਮੁੱਖ ਮੁਲਜ਼ਮ ਵਿਜੈ ਕੁਮਾਰ ਦਾ ਪਿਤਾ ਜੈ ਸਿੰਘ, ਭਰਾ ਅਮਰੀਸ਼ ਤੇ ਰਵੀ ਅਤੇ ਇਕ ਮਾਮਾ ਸ਼ਾਮਲ ਹਨ। ਪੁਲਸ ਅਨੁਸਾਰ ਵਿਜੈ ਕੁਮਾਰ ਤੇ ਇਸਦਾ ਪਰਿਵਾਰ ਪਿਛਲੇ 2 ਦਿਨਾਂ ਤੋਂ ਪਰਮਿੰਦਰ ਤਿਵਾੜੀ ਦਾ ਕਤਲ ਕਰਨ ਦੀ ਫਿਰਾਕ ਵਿਚ ਸਨ ਤੇ ਮੌਕੇ ਦੀ ਤਲਾਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਤਲ ਮਾਮਲੇ ਦੇ ਮੁੱਖ ਮੁਲਜ਼ਮ ਵਿਜੈ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਲਈ ਤਿੰਨ ਪੁÇਲਸ ਟੀਮਾਂ ਲੱਗੀਆਂ ਹਨ ਅਤੇ ਛਾਪੇਮਾਰੀ ਜਾਰੀ ਹੈ। ਥਾਣਾ ਮੁਖੀ ਨੇ ਕਿਹਾ ਕਿ ਮੁੱਖ ਮੁਲਜ਼ਮ ਵਿਜੈ ਕੁਮਾਰ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਉਸ ਤੋਂ ਪੁੱਛਗਿੱਛ ਤੋਂ ਬਾਅਦ ਹੋਰ ਖੁਲਾਸੇ ਹੋ ਸਕਦੇ ਹਨ ਕਿ ਇਸ ਕਤਲ ਮਾਮਲੇ ਵਿਚ ਹੋਰ ਕੌਣ-ਕੌਣ ਸ਼ਾਮਲ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ