ਟੈਟ ਦੇ ਫੈਸਲੇ ਤੋਂ ਪ੍ਰਭਾਵਿਤ ਅਧਿਆਪਕ ਆਪਣੇ ਭਵਿੱਖ ਨੂੰ ਲੈ ਕੇ ਚਿੰਤਿਤ
ਪਠਾਨਕੋਟ, 10 ਅਪ੍ਰੈਲ (ਸੰਧੂ )- ਮਾਨਯੋਗ ਸੁਪਰੀਮ ਕੋਰਟ ਵਲੋਂ ਟੈਟ ਨੂੰ ਲੈ ਕੇ ਦਿਤੇ ਗਏ ਫੈਸਲੇ ਤੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ 25 ਲੱਖ ਅਧਿਆਪਕ ਪ੍ਰਭਾਵਿਤ ਹੋ ਰਹੇ ਹਨ, ਜਿਨ੍ਹਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾ ਰਹੀ ਹੈ। ਦੇਸ਼ ਦੇ ਸਰਕਾਰੀ ਸਕੂਲਾਂ ਦੇ ਰੀੜ੍ਹ ਦੀ ਹੱਡੀ ਇਹ ਅਧਿਆਪਕ ਅੱਜ ਆਪਣੇ ਪਰਿਵਾਰ ਦੇ ਪਾਲਨ ਪੋਸ਼ਣ ਨੂੰ ਲੈ ਕੇ ਪਰੇਸ਼ਾਨ ਹਨ, ਜਿਸ ਨੂੰ ਲੈ ਕੇ ਪੂਰੇ ਦੇਸ਼ ਵਿਚ ਅਧਿਆਪਕਾ ਵਲੋਂ ਲਗਾਤਾਰ ਪ੍ਰਦਰਸ਼ਨਾਂ ਰਾਹੀਂ ਆਪਣੀ ਗੱਲ ਰੱਖੀ ਜਾ ਰਹੀ ਹੈ।
ਕਈ ਸੂਬਿਆਂ ਵਲੋਂ ਮਾਨਯੋਗ ਸੁਪਰੀਮ ਕੋਰਟ ’ਚ ਰਿਵਿਊ ਪਟੀਸ਼ਨਾਂ ਵੀ ਪਾਈਆਂ ਜਾ ਰਹੀਆਂ ਹਨ। ਇਥੋਂ ਤੱਕ ਕਿ ਰਾਜ ਸਭਾ ’ਚ ਕੇਰਲ ਤੋਂ ਸੰਸਦ ਮੈਂਬਰ ਜੌਨ ਬ੍ਰਿਟਾਸ ਵਲੋਂ ਟੈਟ ਮਸਲੇ ’ਤੇ ਰਾਜ ਸਭਾ ਵਿਚ ਪ੍ਰਾਈਵੇਟ ਬਿੱਲ ਵੀ ਪੇਸ਼ ਕੀਤਾ ਗਿਆ ਹੈ, ਜੋ ਦੱਸਦਾ ਹੈ ਕਿ ਅਧਿਆਪਕਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਏ ਪਰ ਪੰਜਾਬ ਸਰਕਾਰ ਟੈਟ ਦੇ ਮੁੱਦੇ ’ਤੇ ਚੁੱਪ ਬੈਠੀ ਹੈ, ਜਿਸ ਕਾਰਨ ਪੰਜਾਬ ਦੇ ਅਧਿਆਪਕਾਂ ਵਿਚ ਸੂਬਾ ਸਰਕਾਰ ਪ੍ਰਤੀ ਵੀ ਬਹੁਤ ਰੋਹ ਹੈ।
ਇਸੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਅਧਿਆਪਕਾਂ ਵਲੋਂ ਸੂਬੇ ਦੇ ਹਰ ਇਕ ਸੰਸਦ ਮੈਂਬਰ ਨੂੰ ਯਾਦ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ, ਜਿਸ ਤਹਿਤ ਅੱਜ ਸਾਂਝਾ ਅਧਿਆਪਕ ਮੋਰਚਾ, ਪੰਜਾਬ ਦੇ ਸੱਦੇ 'ਤੇ ਇੱਕਜੁਟ ਹੋ ਕੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੈਮੋਰੈਂਡਮ ਦਿੱਤਾ ਗਿਆ। ਇਹ ਮੈਮੋਰੈਂਡਮ ਰਾਜ ਸਭਾ ਮੈਂਬਰ ਜੌਨ ਬ੍ਰਿਟਾਸ ਵਲੋਂ ਟੈੱਟ ਦੇ ਮਸਲੇ ਸੰਬੰਧੀ ਪੇਸ਼ ਕੀਤੇ ਗਏ ਸੋਧ ਬਿੱਲ ਦੇ ਹੱਕ ਵਿਚ ਦਿੱਤਾ ਗਿਆ। ਮੋਰਚਾ ਸਰਕਾਰ ਤੋਂ ਮੰਗ ਕਰਦਾ ਹੈ ਕਿ ਤੁਰੰਤ ਇਸ ਮਸਲੇ ਦਾ ਹੱਲ ਕੀਤਾ ਜਾਵੇ ਅਤੇ ਅਧਿਆਪਕਾਂ ਦੇ ਹੱਕ ਵਿਚ ਫੈਸਲਾ ਲਿਆ ਜਾਵੇ। ਆਗੂਆਂ ਦੀ ਗੱਲ ਸੁਣਨ ਤੋਂ ਬਾਅਦ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਅਧਿਆਪਕਾਂ ਦੀਆਂ ਹੱਕੀ ਮੰਗਾਂ ਲਈ ਉਨ੍ਹਾਂ ਦੇ ਨਾਲ ਹਨ ਅਤੇ ਰਾਜ ਸਭਾ ਤੇ ਲੋਕ ਸਭਾ ਵਿਚ ਵੀ ਰਾਜ ਸਭਾ ਮੈਂਬਰ ਜੌਨ ਬ੍ਰਿਟਾਸ ਵਲੋਂ ਪੇਸ਼ ਕੀਤੇ ਗਏ ਬਿੱਲ ਦੀ ਹਿਮਾਇਤ ਕਰਨਗੇ ਤੇ ਨਾਲ ਹੀ ਪਾਰਟੀ ਪੱਧਰ ’ਤੇ ਗੱਲ ਕਰਕੇ ਇਸ ਮੁੱਦੇ ਨੂੰ ਕੌਮੀ ਪੱਧਰ ’ਤੇ ਚੁੱਕਿਆ ਜਾਵੇਗਾ।
;
;
;
;
;
;
;
;