ਜਗਰਾਉਂ ਤੋਂ ਮਥੁਰਾ ਗਏ ਸ਼ਰਧਾਲੂਆਂ ਦੀ ਕਿਸ਼ਤੀ ਪਲਟੀ, ਦੋ ਦਰਜਨ ਦੀ ਮੌਤ,ਕਈ ਲਾਪਤਾ
ਜਗਰਾਉਂ ( ਲੁਧਿਆਣਾ), 10 ਅਪ੍ਰੈਲ ( ਕੁਲਦੀਪ ਸਿੰਘ ਲੋਹਟ)- ਜਗਰਾਉਂ ਸ਼ਹਿਰ ਅੰਦਰ ਉਸ ਵੇਲੇ ਸੋਗ ਪਸਰ ਗਿਆ ਜਦੋਂ ਸ਼ਹਿਰ ਤੋਂ ਮਥੁਰਾ ਦੇ ਵਰਿੰਦਾਵਨ ਲਈ ਗਏ ਸ਼ਰਧਾਲੂਆਂ ਨਾਲ ਕਿਸ਼ਤੀ ਪਲਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਹੁਣ ਤੱਕ 2 ਦਰਜਨ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਇਆ ਤੇ ਅਨੇਕਾਂ ਲੋਕ ਲਾਪਤਾ ਹੋ ਗਏ। ਹਾਦਸਾਗ੍ਰਸਤ ਕਿਸ਼ਤੀ ਵਿਚ 30 ਤੋਂ ਵੱਧ ਸ਼ਰਧਾਲੂ ਦੱਸੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਜਗਰਾਉਂ ਤੋਂ ਦੋ ਬੱਸਾਂ ਰਾਹੀਂ ਵੱਡੀ ਗਿਣਤੀ ਸ਼ਰਧਾਲੂ ਯਮੁਨਾ ਜੀ ਤੇ ਵਰਿੰਦਾਵਨ ਦੇ ਚਾਰ ਰੋਜ਼ਾ ਧਾਰਮਿਕ ਯਾਤਰਾ ਲਈ ਰਵਾਨਾ ਹੋਏ ਸਨ। ਅੱਜ ਸਵੇਰੇ ਵਰਿੰਦਾਵਨ ਪਹੁੰਚਣ ਤੋਂ ਬਾਅਦ ਸ਼੍ਰੀ ਬਾਂਕੇ ਬਿਹਾਰੀ ਜੀ ਦੇ ਦਰਸ਼ਨਾਂ ਉਪਰੰਤ ਸ਼ਰਧਾਲੂ ਯਮੁਨਾ ਜੀ ਪਾਰ ਪਵਿੱਤਰ ਮੰਦਰਾਂ ਦੇ ਦਰਸ਼ਨਾਂ ਲਈ ਜਾ ਰਹੇ ਸਨ ਕਿ ਅਚਾਨਕ ਹਾਦਸਾ ਵਾਪਰ ਗਿਆ । ਕਿਸ਼ਤੀ ਵਿਚ ਜਗਰਾਉਂ ਦੇ ਕਰੀਬ 30 ਤੋਂ ਵੱਧ ਸ਼ਰਧਾਲੂ ਸਵਾਰ ਸਨ। ਕਿਸ਼ਤੀ ਦੇ ਰਵਾਨਾ ਹੋਣ ਤੋਂ ਕੁਝ ਸਮੇਂ ਬਾਅਦ ਕਿਸ਼ਤੀ ਦਾ ਸੰਤੁਲਨ ਵਿਗੜਨ ਕਾਰਨ ਪਲਟ ਗਈ। ਘਟਨਾ ਤੋਂ ਬਾਅਦ ਉੱਥੋਂ ਦੇ ਪ੍ਰਸ਼ਾਸਨ ਵਲੋਂ ਗੁਆਚੇ ਲੋਕਾਂ ਨੂੰ ਲੱਭਣ ਲਈ 100 ਗੋਤਾਖੋਰ ਸਰਗਰਮ ਕੀਤੇ ਹੋਏ ਹਨ, ਜੋ ਸ਼ਰਧਾਲੂਆਂ ਨੂੰ ਬਚਾਉਣ ਵਿਚ ਜੁਟ ਗਏ ਹਨ। ਇਹ ਵੀ ਪਤਾ ਲੱਗਿਆ ਹੈ ਕਿ ਕਈ ਸ਼ਰਧਾਲੂਆਂ ਨੂੰ ਯਮੁਨਾ ਜੀ ਵਿਚੋਂ ਬਾਹਰ ਵੀ ਕੱਢ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸਾਗ੍ਰਸਤ ਲੋਕ ਬੇਹੋਸ਼ੀ ਦੀ ਹਾਲਤ ਵਿਚ ਹਨ। ਇਸ ਹਾਦਸੇ ਨੂੰ ਲੈ ਕੇ ਜਗਰਾਉਂ ਵਿਚ ਸ਼ਰਧਾਲੂਆਂ ਦੇ ਪਰਿਵਾਰਾਂ ਤੋਂ ਇਲਾਵਾ ਇਲਾਕੇ ਵਿਚ ਫਿਕਰਮੰਦੀ ਦਾ ਆਲਮ ਹੈ।
;
;
;
;
;
;
;
;
;