JALANDHAR WEATHER

ਐਲਪੀਆਈਏ, ਬੀਐਸਐਫ ਤੇ ਕਸਟਮ ਵਲੋਂ ਜਥਾ ਲੀਡਰਾਂ ਨੂੰ ਕੀਤਾ ਗਿਆ ਸਨਮਾਨਿਤ

ਅਟਾਰੀ ਸਰਹੱਦ (ਅੰਮ੍ਰਿਤਸਰ), 10 ਅਪ੍ਰੈਲ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)- ਖ਼ਾਲਸੇ ਦਾ ਸਾਜਨਾ ਦਿਵਸ ਮਨਾਉਣ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ, ਰਾਵਲਪਿੰਡੀ (ਪਾਕਿਸਤਾਨ) ਗਏ 2236 ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਕਮੇਟੀ ਮੈਂਬਰ ਭਾਜੀ ਸੁਰਜੀਤ ਸਿੰਘ ਤੁਗਲਵਾਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥਾ ਲੀਡਰ ਸ. ਪਰਮਜੀਤ ਸਿੰਘ ਝੰਡੋਕ ਸਮੇਤ ਵੱਖ-ਵੱਖ ਰਾਜਾਂ ਦੇ ਜਥਾ ਆਗੂਆਂ ਦਾ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਜਾਣ ਤੋਂ ਪਹਿਲਾਂ ਆਈਸੀਪੀ ਅਟਾਰੀ ਵਿਖੇ ਆਉਣ ’ਤੇ ਜੀ ਆਇਆਂ ਨੂੰ ਕਿਹਾ ਗਿਆ। ਇਸ ਮੌਕੇ ਆਈਸੀਪੀ ਅਟਾਰੀ ਦੀ ਸਾਂਭ-ਸੰਭਾਲ ਕਰ ਰਹੇ ਐਲਪੀਆਈਏ ਦੇ ਮੈਨੇਜਰ ਸੂਰਜ ਭਾਨ, ਬੀਐਸਐਫ ਦੇ ਕਮਾਂਡਰ ਰੁਪਿੰਦਰ ਸਿੰਘ, ਭਾਰਤੀ ਕਸਟਮ ਦੇ ਵਧੀਕ ਕਮਿਸ਼ਨਰ ਤੇ ਇਮੀਗ੍ਰੇਸ਼ਨ ਦੇ ਉੱਚ ਅਧਿਕਾਰੀਆਂ ਵਲੋਂ ਨਿੱਘਾ ਸਵਾਗਤ ਕਰਦਿਆਂ ਬਾਬਾ ਸਤਨਾਮ ਸਿੰਘ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਰਾਹੀਂ ਫੁੱਲਾਂ ਦਾ ਗ਼ੁਲਦਸਤਾ ਭੇਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਅਟਾਰੀ ਸਰਹੱਦ ਰਾਹੀਂ ਭਾਰਤ ਦੇ ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ ਯੂਪੀ, ਜੰਮੂ ਕਸ਼ਮੀਰ ਤੇ ਉੱਤਰਾਖੰਡ ਤੋਂ ਸਿੱਖ ਸ਼ਰਧਾਲੂ ਵੱਡੀ ਗਿਣਤੀ ਵਿਚ ਇਕੱਤਰ ਹੋਏ ਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਉਂਦੇ ਪਾਕਿਸਤਾਨ ਪੁੱਜੇ। ਭਾਰਤੀ ਸਿੱਖ ਸ਼ਰਧਾਲੂ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਤੁਗਲਵਾਲ ਦੀ ਅਗਵਾਈ ਵਿਚ 10 ਦਿਨ ਪਾਕਿਸਤਾਨ ਦੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨਗੇ ਤੇ 12 ਤਰੀਕ ਤੋਂ ਲੈ ਕੇ 14 ਅਪ੍ਰੈਲ ਦੀ ਸ਼ਾਮ ਤੱਕ ਵਿਸਾਖੀ ਦਾ ਪਵਿੱਤਰ ਦਿਹਾੜਾ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਪੰਜਾ ਸਾਹਿਬ ਵਿਖੇ ਮਨਾਉਣਗੇ। ਇਸੇ ਦੌਰਾਨ ਹੀ ਜਥੇ ਵਿਚ ਸ਼ਾਮਿਲ ਹੋ ਕੇ ਪਾਕਿਸਤਾਨ ਗਏ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪੰਜ ਪਿਆਰੇ ਸਾਹਿਬਾਨ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ 13 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਆਉਣ ਵਾਲੀਆਂ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਉਣਗੇ। ਭਾਰਤੀ ਸਿੱਖ ਸ਼ਰਧਾਲੂਆਂ ਦਾ ਪਾਕਿਸਤਾਨ ਜਾਣ ਸਮੇਂ ਅਟਾਰੀ ਸਰਹੱਦ ’ਤੇ ਐਲਪੀਆਈਏ, ਬੀਐਸਐਫ, ਕਸਟਮ ਤੇ ਇਮੀਗ੍ਰੇਸ਼ਨ ਵਲੋਂ ਵਿਸ਼ੇਸ਼ ਉਪਰਾਲੇ ਕਰਦੇ ਸਿੱਖ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਵੀ ਤੰਗੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ