ਜਲੰਧਰ ਈ.ਡੀ. ਵਿਭਾਗ ਦੇ 13 ਅਧਿਕਾਰੀਆਂ ਦਾ ਤਬਾਦਲਾ
ਜਲੰਧਰ, 21 ਅਪ੍ਰੈਲ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਜਲੰਧਰ ਖ਼ੇਤਰੀ ਦਫ਼ਤਰ ਵਿਚ ਇਕ ਵੱਡਾ ਬਦਲਾਅ ਹੋਇਆ ਹੈ। ਵੱਡੀ ਗਿਣਤੀ ਵਿਚ ਈ.ਡੀ. ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਇਹ ਤਬਾਦਲੇ ਦਫ਼ਤਰ ਦੇ ਕੰਮਕਾਜ ਨੂੰ ਪ੍ਰਭਾਵਤ ਕਰਨਗੇ। ਅਧਿਕਾਰੀਆਂ ਨੇ ਕਿਹਾ ਕਿ ਜਦੋਂ ਕਿ ਸਾਲਾਨਾ ਤਬਾਦਲਿਆਂ ਵਿਚ ਆਮ ਤੌਰ 'ਤੇ ਪ੍ਰਤੀ ਸਟੇਸ਼ਨ 2-3 ਅਧਿਕਾਰੀ ਸ਼ਾਮਿਲ ਹੁੰਦੇ ਹਨ, ਇਸ ਵਾਰ ਵੱਖ-ਵੱਖ ਰੈਂਕਾਂ ਦੇ 13 ਅਧਿਕਾਰੀਆਂ ਦਾ ਤਬਾਦਲਾ ਜਲੰਧਰ ਤੋਂ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਕੁਝ ਨੇ ਸਿਰਫ਼ ਇਕ ਸਾਲ ਲਈ ਸੇਵਾ ਨਿਭਾਈ ਸੀ।
ਇੰਨੀ ਹੀ ਗਿਣਤੀ ਵਿਚ ਅਧਿਕਾਰੀ ਅਜੇ ਤੱਕ ਆਪਣੀਆਂ ਡਿਊਟੀਆਂ 'ਤੇ ਨਹੀਂ ਆਏ ਹਨ, ਜਿਸ ਕਾਰਨ ਦਫ਼ਤਰ ਵਿਚ ਅਸਥਾਈ ਸਟਾਫ਼ ਦੀ ਘਾਟ ਹੈ। ਇਸ ਤੋਂ ਪਹਿਲਾਂ ਜਲੰਧਰ ਵਿਚ ਈ.ਡੀ. ਦੇ ਸਭ ਤੋਂ ਸੀਨੀਅਰ ਅਧਿਕਾਰੀ, ਜੁਆਇੰਟ ਡਾਇਰੈਕਟਰ ਰਵੀ ਤਿਵਾੜੀ, ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਾਜਿੰਦਰ ਸਿੰਘ ਨੂੰ ਸੰਮਨ ਜਾਰੀ ਕੀਤੇ ਜਾਣ ਤੋਂ ਬਾਅਦ ਚੇਨੱਈ ਤਬਦੀਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ ਉੱਤਰਾਧਿਕਾਰੀ ਦਿਨੇਸ਼ ਪੁਰੂਚੁਰੀ, ਇਸ ਸਮੇਂ ਜਲੰਧਰ ਦਾ ਵਾਧੂ ਚਾਰਜ ਸੰਭਾਲ ਰਹੇ ਹਨ ਅਤੇ ਮੁੱਖ ਤੌਰ 'ਤੇ ਦਿੱਲੀ ਤੋਂ ਕੰਮ ਕਰਦੇ ਹਨ। ਮਾਰਚ ਦੇ ਅੰਤ ਤੱਕ 12 ਹੋਰ ਕਰਮਚਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਸੀ।
ਕਈ ਸਹਾਇਕ ਡਾਇਰੈਕਟਰਾਂ ਦਾ ਤਬਾਦਲਾ ਬੈਂਗਲੁਰੂ, ਹੈਦਰਾਬਾਦ, ਚੇਨਈ ਅਤੇ ਜੰਮੂ ਸਮੇਤ ਵੱਖ-ਵੱਖ ਸ਼ਹਿਰਾਂ ਵਿਚ ਕੀਤਾ ਗਿਆ ਸੀ, ਜਦੋਂ ਕਿ ਚੰਡੀਗੜ੍ਹ, ਜੰਮੂ, ਹੈਦਰਾਬਾਦ ਅਤੇ ਬੈਂਗਲੁਰੂ ਤੋਂ ਜਲੰਧਰ ਵਿਚ ਨਵੇਂ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਸੀ। ਘੱਟੋ-ਘੱਟ ਪੰਜ ਇਨਫ਼ੋਰਸਮੈਂਟ ਅਧਿਕਾਰੀਆਂ ਨੂੰ ਵੀ ਵੱਖ-ਵੱਖ ਥਾਵਾਂ 'ਤੇ ਤਬਦੀਲ ਕੀਤਾ ਗਿਆ ਸੀ। ਕੁਝ ਬਦਲੀਆਂ ਕੀਤੀਆਂ ਗਈਆਂ ਹਨ, ਜਿਸ ਵਿਚ ਇਕ ਨਵੇਂ ਕਰਮਚਾਰੀ ਨੇ ਅਹੁਦਾ ਸੰਭਾਲਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਨਰਗਠਿਤ ਟੀਮ ਨੂੰ ਸਥਿਰ ਕਰਨ ਅਤੇ ਪੂਰੀ ਗਤੀ ਨਾਲ ਜਾਂਚ ਮੁੜ ਸ਼ੁਰੂ ਕਰਨ ਵਿਚ 20 ਤੋਂ 30 ਦਿਨ ਲੱਗ ਸਕਦੇ ਹਨ। ਉਨ੍ਹਾਂ ਨੇ ਤਬਾਦਲਿਆਂ ਦੇ ਪੈਮਾਨੇ ਨੂੰ ਅਸਾਧਾਰਨ ਦੱਸਿਆ ਤੇ ਕਿਹਾ ਕਿ ਅਜਿਹੇ ਵੱਡੇ ਪੱਧਰ 'ਤੇ ਫੇਰਬਦਲ ਆਮ ਨਹੀਂ ਹਨ।
;
;
;
;
;
;
;
;