JALANDHAR WEATHER

ਨੌਜਵਾਨ ਆਪਣੇ ਸਾਥੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਸੜਕ ਕਿਨਾਰੇ ਛੱਡ ਕੇ ਹੋਏ ਫ਼ਰਾਰ

ਗੁਰੂਹਰਸਹਾਏ, 16 ਮਈ (ਕਪਿਲ ਕੰਧਾਰੀ)- ਸ਼੍ਰੀ ਮੁਕਤਸਰ ਸਾਹਿਬ ਰੋਡ ‘ਤੇ ਅੱਜ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ, ਜਿੱਥੇ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਪਣੇ ਇਕ ਸਾਥੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਸੜਕ ਕਿਨਾਰੇ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਮੁਕਤਸਰ ਸਾਹਿਬ ਰੋਡ ‘ਤੇ ਸਥਿਤ ਦੁਕਾਨਦਾਰਾਂ ਨੇ ਦੱਸਿਆ ਕਿ ਦਿਨ ਦਿਹਾੜੇ ਦੋ ਨੌਜਵਾਨ ਆਪਣੇ ਸਾਥੀ ਨੂੰ, ਜੋ ਬੇਹੋਸ਼ੀ ਦੀ ਹਾਲਤ ਵਿਚ ਸੀ, ਸੜਕ ‘ਤੇ ਛੱਡ ਕੇ ਭੱਜ ਗਏ। ਇਸ ਤੋਂ ਬਾਅਦ ਇਲਾਕੇ ਦੇ ਲੋਕਾਂ ਅਤੇ ਦੁਕਾਨਦਾਰਾਂ ਨੇ ਮਨੁੱਖਤਾ ਦਿਖਾਂਦੇ ਹੋਏ ਉਸ ਨੌਜਵਾਨ ਨੂੰ ਚੁੱਕ ਕੇ ਗੁਰੂ ਘਰ ਸ਼੍ਰੀ ਬੇਰ ਸਾਹਿਬ ਜੀ ਦੇ ਗੇਟ ਕੋਲ ਠੰਡੀ ਥਾਂ ‘ਤੇ ਲਿਟਾਇਆ।

ਇਸ ਦੌਰਾਨ ਮਾਰਕੀਟ ਵਿਚ ਮੈਡੀਕਲ ਦਾ ਕੰਮ ਕਰਦੇ ਇੱਕ ਨੌਜਵਾਨ ਨੇ ਦੇਖਿਆ ਕਿ ਬੇਹੋਸ਼ ਪਏ ਨੌਜਵਾਨ ਨੂੰ ਸਾਹ ਲੈਣ ਵਿਚ ਦਿੱਕਤ ਆ ਰਹੀ ਹੈ। ਉਸ ਨੇ ਤੁਰੰਤ ਸੀ.ਪੀ.ਆਰ. ਦੇ ਕੇ ਉਸ ਦੇ ਸਾਹ ਚਲਾਏ, ਪਰ ਨੌਜਵਾਨ ਦੀ ਹਾਲਤ ਬੇਹੋਸ਼ੀ ਵਾਲੀ ਹੀ ਬਣੀ ਰਹੀ।
ਘਟਨਾ ਦੌਰਾਨ ਕਿਸੇ ਵਿਅਕਤੀ ਵਲੋਂ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਕਰ ਦਿੱਤੀ ਗਈ। ਦੁਕਾਨਦਾਰਾਂ ਨੇ ਦੱਸਿਆ ਕਿ ਬੇਹੋਸ਼ ਨੌਜਵਾਨ ਦੀ ਜੇਬ ਵਿਚੋਂ ਇਕ ਮੋਬਾਈਲ ਫੋਨ ਮਿਲਿਆ, ਜਿਸ ਦੇ ਆਧਾਰ ‘ਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਤੁਰੰਤ ਮੌਕੇ ਵੱਲ ਰਵਾਨਾ ਹੋ ਰਹੇ ਹਨ।

ਮਿਲੀ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਬਸਤੀ ਕੇਸਰ ਸਿੰਘ ਵਾਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਸ਼ਹਿਰ ਵਿਚ ਇਸ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ, ਕਿਉਂਕਿ ਬੀਤੇ ਦਿਨੀਂ ਬਸਤੀ ਗੁਰੂ ਕਰਮ ਸਿੰਘ ਵਾਲੀ ਵਿਚ ਵੀ ਇੱਕ ਨੌਜਵਾਨ ਦੇ ਕਤਲ ਦੀ ਘਟਨਾ ਸਾਹਮਣੇ ਆਈ ਸੀ। ਲੋਕਾਂ ਨੇ ਦੱਸਿਆ ਕਿ ਜਦੋਂ ਇਸ ਸਬੰਧੀ ਕਮਿਊਨਿਟੀ ਹੈਲਥ ਸੈਂਟਰ ਗੁਰੂਹਰਸਹਾਏ ਵਿਚ ਐਂਬੂਲੈਂਸ ਲਈ ਸੰਪਰਕ ਕੀਤਾ ਗਿਆ ਤਾਂ ਮੌਕੇ ‘ਤੇ ਕੋਈ ਐਂਬੂਲੈਂਸ ਉਪਲਬਧ ਨਹੀਂ ਸੀ। ਇਸ ਤੋਂ ਬਾਅਦ ਇਲਾਕਾ ਨਿਵਾਸੀਆਂ ਵਲੋਂ ਮਨੁੱਖਤਾ ਦੇ ਨਾਤੇ ਬੇਹੋਸ਼ ਨੌਜਵਾਨ ਨੂੰ ਇੱਕ ਆਟੋ ਰਾਹੀਂ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ