ਮਾਪਿਆਂ ਦੇ ਇਕਲੌਤੇ ਪੁੱਤਰ ਦੀ ਚਿੱਟੇ ਦੀ ਵੱਧ ਮਾਤਰਾ ਨਾਲ ਹੋਈ ਮੌਤ
ਰਾਮਾਂ ਮੰਡੀ/ਸੀਂਗੋ ਮੰਡੀ, 18 ਮਈ (ਤਰਸੇਮ ਸਿੰਗਲਾ/ਲੱਕਵਿੰਦਰ ਸ਼ਰਮਾ) ਭਾਵੇਂ ਕਿ ਪੰਜਾਬ ਸਰਕਾਰ ਨੇ ਨਸ਼ੇ ਨੂੰ ਰੋਕਣ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਹਨ। ਪਰ ਪੁਲਿਸ ਪ੍ਰਸ਼ਾਸਨ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ ਜਿਸ ਲਈ ਤਲਵੰਡੀ ਸਾਬੋ ਅਤੇ ਰਾਮਾ ਮੰਡੀ ਦੇ ਆਸ ਪਾਸ ਦੇ ਪਿੰਡਾਂ ਵਿਚ ਲਗਾਤਾਰ ਚਿੱਟੇ ਨਾਲ ਮੌਤਾਂ ਹੋ ਰਹੀਆਂ ਹਨ।
ਤਾਜ਼ਾ ਮਾਮਲਾ ਰਾਮਾ ਮੰਡੀ ਥਾਣੇ ਦੇ ਪਿੰਡ ਬੰਗੀ ਨਿਹਾਲ ਸਿੰਘ ਦਾ ਹੈ। ਜਿੱਥੇ ਮਾਪਿਆਂ ਦੇ ਇਕਲੌਤੇ ਪੁੱਤਰ ਅਤੇ ਦੋ ਬੱਚਿਆਂ ਦੇ ਬਾਪ ਦੀ ਅੱਜ ਚਿੱਟੇ ਦੀ ਵੱਧ ਮਾਤਰਾ ਨਾਲ ਮੌਤ ਹੋ ਗਈ ਹੈ। ਇਸ ਸਬੰਧੀ ਮ੍ਰਿਤਕ ਦੇ ਮਾਤਾ ਸੁਖਵਿੰਦਰ ਕੌਰ, ਅਮਨਦੀਪ ਸਿੰਘ, ਬੱਬੀ ਸਿੰਘ ਸਮੇਤ ਰਿਸ਼ਤੇਦਾਰਾਂ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਉਮਰ 26 ਸਾਲ ਪਿੰਡ ਬੰਗੀ ਨਿਹਾਲ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਜਿਸਦੀ ਕਿ ਅੱਜ ਸਵੇਰੇ ਚਿੱਟੇ ਦੀ ਵੱਧ ਮਾਤਰਾ ਨਾਲ ਮੌਤ ਹੋ ਗਈ।
ਇਸ ਸਬੰਧੀ ਮ੍ਰਿਤਕ ਨੌਜਵਾਨ ਲੜਕੇ ਦੇ ਮਾਪਿਆਂ ਨੇ ਰੋ ਰੋ ਕੇ ਦੱਸਿਆ ਕਿ ਹਰਪ੍ਰੀਤ ਸਿੰਘ ਦਾ ਵਿਆਹ ਹੋਇਆ ਸੀ ਤੇ ਉਸ ਦੇ ਦੋ ਲੜਕੇ ਸਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਵਾਰ-ਵਾਰ ਕਿਹਾ ਕਿ ਉਹ ਚਿੱਟੇ ਨੂੰ ਰੋਕਣ ਲਈ ਆਪਣਾ ਯਤਨ ਕਰੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਹੈ ਕਿ ਪੁਲਿਸ ਨੂੰ ਸਖ਼ਤ ਦਿਸ਼ਾ ਨਿਰਦੇਸ਼ ਦੇਣ ਕਿ ਉਹ ਚਿੱਟੇ ਵਿਰੁੱਧ ਪਿੰਡਾਂ ਵਿੱਚ ਸਵੇਰ ਸ਼ਾਮ ਆਪਣੀ ਗਸ਼ਤ ਵਧਾਉਣ ਤੇ ਜੋ ਨੌਜਵਾਨ ਚਿੱਟਾ ਗ੍ਰਸਤ ਹਨ ਉਨ੍ਹਾਂ ਦਾ ਨਸ਼ਾ ਛੁੱਡਵਾਇਆ ਜਾਵੇ ਤਾਂ ਜੋ ਕਿਸੇ ਹੋਰ ਦਾ ਘਰ ਬਰਬਾਦ ਨਾ ਹੋਵੇ।
ਪੁਲਿਸ ਪ੍ਰਸ਼ਾਸਨ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਕੰਨੀ ਕਤਰਾਇਆ ਪਰ ਜਦੋਂ ਵਾਰ-ਵਾਰ ਫੋਨ ਕਰਨ ਤੇ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਤਾਂ ਉਨਾਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਮ੍ਰਿਤਕ ਦੀ ਮੌਤ ਸ਼ਰਾਬ ਪੀਣ ਨਾਲ ਹੋਈ ਹੈ ਤੇ ਅਸੀਂ 174 ਦੀ ਕਾਰਵਾਈ ਕਰ ਦਿੱਤੀ ਹੈ।
;
;
;
;
;
;
;