JALANDHAR WEATHER

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 18 ਮਈ (ਜਸਵੰਤ ਸਿੰਘ ਜੱਸ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਪਤਨੀ, ਮਾਤਾ ਅਤੇ ਬੱਚੀ ਸਮੇਤ ਅੱਜ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ। ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਜਨਰਲ ਸਕੱਤਰ ਇੰਦਰਜੀਤ ਸਿੰਘ, ਉਪ ਪ੍ਰਧਾਨ ਗੁਰਵਿੰਦਰ ਸਿੰਘ, ਬੁਲਾਰਾ ਸੁਦੀਪ ਸਿੰਘ, ਹਰਦੇਵ ਸਿੰਘ ਸੋਹੀ, ਮਨਵਿੰਦਰ ਸਿੰਘ, ਸੁਪਰਿੰਟੈਂਡੈਂਟ ਦਲਜੀਤ ਸਿੰਘ ਅਤੇ ਮੈਨੇਜਰ ਹਰਜੀਤ ਸਿੰਘ ਵਲੋਂ ਪਟਨਾ ਏਅਰਪੋਰਟ ‘ਤੇ ਫੁੱਲਾਂ ਦੇ ਗੁਲਦਸਤੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਤਖ਼ਤ ਪਟਨਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਜਥੇਦਾਰ ਗਿਆਨੀ ਬਲਦੇਵ ਸਿੰਘ ਵਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕੀਤਾ ਗਿਆ। ਉਨ੍ਹਾਂ ਨੇ ਪਰਿਵਾਰ ਸਮੇਤ ਕੀਰਤਨ ਸਰਵਣ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਮਾਤਾ ਸਾਹਿਬ ਕੌਰ ਜੀ ਦੇ ਜੋੜਾ ਸਾਹਿਬ ਦੇ ਦਰਸ਼ਨ ਵੀ ਕੀਤੇ। ਇਸ ਮੌਕੇ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਖੁਸ਼ਹਾਲੀ ਲਈ ਅਰਦਾਸ ਵੀ ਕੀਤੀ।

ਤਖ਼ਤ ਪਟਨਾ ਸਾਹਿਬ ਕਮੇਟੀ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਕਿਰਪਾਨ ਭੇਟ ਕੀਤੀ ਗਈ। ਇਸ ਮੌਕੇ ਉਨ੍ਹਾਂ ਵਲੋਂ ਤਖ਼ਤ ਸਾਹਿਬ ਦੀ ਮੈਗਜ਼ੀਨ “ਗੋਬਿੰਦ ਪ੍ਰਕਾਸ਼” ਦੇ ਮਈ ਮਹੀਨੇ ਦੇ ਅੰਕ ਦਾ ਵਿਮੋਚਨ ਵੀ ਕੀਤਾ ਗਿਆ। ਇਸ ਤੋਂ ਬਾਅਦ ਭਗਵੰਤ ਸਿੰਘ ਮਾਨ ਪਰਿਵਾਰ ਸਮੇਤ ਗੁਰੂਦਆਰਾ ਗੁਰੂ ਕਾ ਬਾਗ ਪਹੁੰਚੇ, ਜਿੱਥੇ ਉਨ੍ਹਾਂ ਨੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਹੋਏ ਪੌਦਾ ਵੀ ਲਗਾਇਆ। ਉਨ੍ਹਾਂ ਦੇ ਪਰਿਵਾਰ ਦਾ ਮੰਨਣਾ ਹੈ ਕਿ ਇਸੀ ਸਥਾਨ ‘ਤੇ ਅਰਦਾਸ ਕਰਨ ਨਾਲ ਉਨ੍ਹਾਂ ਨੂੰ ਬੱਚੇ ਦੀ ਦਾਤ ਪ੍ਰਾਪਤ ਹੋਈ ਸੀ, ਇਸ ਲਈ ਅੱਜ ਗੁਰੂ ਜੀ ਦਾ ਧੰਨਵਾਦ ਕੀਤਾ ਗਿਆ ਅਤੇ ਮੁੜ ਪੌਦਾ ਲਗਾਇਆ ਗਿਆ।
ਇਸ ਤੋਂ ਬਾਅਦ ਉਹ ਗੁਰਦੁਆਰਾ ਬਾਲ ਲੀਲਾ ਸਾਹਿਬ ਵਿਖੇ ਵੀ ਨਤਮਸਤਕ ਹੋਣ ਪਹੁੰਚੇ, ਜਿੱਥੇ ਕਾਰ ਸੇਵਾ ਵਾਲੇ ਬਾਬਾ ਭੂਰੀ ਵਾਲਿਆਂ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

ਸਰਦਾਰ ਮਾਨ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਭਾਗ ਹੈ ਕਿ ਉਨ੍ਹਾਂ ਨੂੰ ਇਕ ਵਾਰ ਫਿਰ ਤਖ਼ਤ ਪਟਨਾ ਸਾਹਿਬ ਵਿਖੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੈ। ਇਸ ਤੋਂ ਪਹਿਲਾਂ ਵੀ ਉਹ ਅਤੇ ਉਨ੍ਹਾਂ ਦਾ ਪਰਿਵਾਰ ਤਖ਼ਤ ਸਾਹਿਬ ਮੱਥਾ ਟੇਕ ਚੁੱਕੇ ਹਨ। ਉਨ੍ਹਾਂ ਨੇ ਤਖ਼ਤ ਸਾਹਿਬ ਵਿਚ ਪ੍ਰਬੰਧ, ਲੰਗਰ ਅਤੇ ਸਫ਼ਾਈ ਆਦਿ ਦੀ ਵਿਵਸਥਾ ਲਈ ਪ੍ਰਬੰਧਕ ਕਮੇਟੀ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਖ਼ਾਸ ਕਰਕੇ ਪ੍ਰਧਾਨ ਜਗਜੋਤ ਸਿੰਘ ਸੋਹੀ ਦੀ ਸਰਾਹਨਾ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਘਰ ਵਿਚ ਮੁਖੀ ਦੀ ਬਹੁਤ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਅਤੇ ਉਹ ਆਪਣੇ ਫ਼ਰਜ਼ ਨੂੰ ਬਹੁਤ ਚੰਗੀ ਤਰ੍ਹਾਂ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਆਉਣ ਵਾਲੀ ਸੰਗਤ ਵਲੋਂ ਵੀ ਤਖ਼ਤ ਪਟਨਾ ਸਾਹਿਬ ਦੇ ਪ੍ਰਬੰਧਾਂ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ