ਗ਼ਰੀਬ ਪਰਿਵਾਰਾਂ ਦੇ ਘਰਾਂ ਦਾ ਰਸਤਾ ਬੰਦ ਕਰਨ ’ਤੇ ਪ੍ਰਸ਼ਾਸਨ ਖਿਲਾਫ਼ ਕੀਤੀ ਨਾਅਰੇਬਾਜ਼ੀ
ਅੰਮ੍ਰਿਤਸਰ/ਚੋਗਾਵਾਂ, 18 ਮਈ (ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾ ਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡ ਮੰਝ ਵਿਖੇ ਨਖਾਸੂ ਨਾਲੇ ਲਾਗੇ ਬਹਿਕ ਤੇ ਰਹਿੰਦੇ ਵਰਿਆਮ ਸਿੰਘ, ਦਿਲਬਾਗ ਸਿੰਘ ਤੇ ਅੰਮ੍ਰਿਤਪਾਲ ਸਿੰਘ ਦੇ ਘਰਾਂ ਦਾ ਰਸਤਾ ਪਿਛਲੇ ਇਕ ਸਾਲ ਤੋਂ ਬੰਦ ਕਰਨ ਦੇ ਰੋਸ ਵਿਚ ਅੱਜ ਲੋਕ ਭਲਾਈ ਸਮਾਜ ਸੇਵਾ ਸੁਸਾਇਟੀ ਵਾਲਮੀਕਿ ਭਾਈਚਾਰੇ ਵਲੋਂ ਪੰਜਾਬ ਚੇਅਰਮੈਨ ਮਨਜੀਤ ਸਿੰਘ ਜੱਜੇ, ਬਲਜਿੰਦਰ ਸਿੰਘ ਸੈਕਟਰੀ ਅਤੇ ਕੁਲਦੀਪ ਸਿੰਘ ਸਾਰੰਗੜਾ ਦੀ ਅਗਵਾਈ ਹੇਠ ਪ੍ਰਸ਼ਾਸਨ ਖਿਲਾਫ ਸਖ਼ਤ ਸ਼ਬਦਾਂ ਵਿਚ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਚੇਅਰਮੈਨ ਮਨਜੀਤ ਸਿੰਘ ਜੱਜੇ ਨੇ ਕਿਹਾ ਕਿ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਪਿੰਡ ਸਾਰੰਗੜਾ ਤੋਂ ਮੰਝ ਰੋਡ ਤੇ ਪੈਂਦੇ ਨਖਾਸੂ ਨਾਲੇ ਦੀ ਗਲਤ ਨਿਸ਼ਾਨਦੇਹੀ ਕਰਵਾ ਕੇ ਬਣਾਇਆ ਗਿਆ।
ਇਹ ਨਖਾਸੂ ਨਾਲਾ ਕਰੀਬ 40 ਫੁੱਟ ਹੈ। ਹੁਣ ਇਹ ਕਰੀਬ 10 ਫੁੱਟ ਦੇ ਚੱਲ ਰਿਹਾ ਹੈ। ਕਿਉਂਕਿ ਨਿਕਾਸੀ ਨਾਲੇ ਦੇ ਰਸਤੇ ਨੂੰ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਵਾਹ ਕੇ ਆਪਣੀ ਜ਼ਮੀਨ ਵਿਚ ਰਲਾ ਲਿਆ । ਗ਼ਰੀਬ ਪਰਿਵਾਰ ਘਰਾਂ ਵਿਚ ਹੀ ਕੈਦ ਹੋ ਗਏ ਹਨ। ਇਸ ਸਬੰਧੀ ਉਕਤ ਪਰਿਵਾਰਾਂ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜ਼ਿਲ੍ਹੇ ਦੇ ਡੀ.ਸੀ. ਸਾਹਿਬ ਸਮੇਤ ਹੋਰਨਾਂ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਵੀ ਭੇਜੀਆਂ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ।
ਜਿਸਦਾ ਵਾਲਮੀਕਿ ਭਾਈਚਾਰੇ ਵਿਚ ਭਾਰੀ ਰੋਸ ਹੈ। ਉਨ੍ਹਾਂ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਨਿਸ਼ਾਨਦੇਹੀ ਕਰਵਾ ਉਕਤ ਰਸਤਾ ਨਾ ਛੁੱਡਵਾਇਆ ਤਾਂ ਉਹ ਬੀ.ਡੀ.ਪੀ.ਓ. ਦਫ਼ਤਰ ਚੋਗਾਵਾਂ ਦਾ ਅਣਮਿਥੇ ਸਮੇਂ ਲਈ ਘਿਰਾਓ ਕਰਨ ਲਈ ਮਜ਼ਬੂਰ ਹੋਣਗੇ। ਇਸ ਸਬੰਧੀ ਬੀ. ਡੀ. ਪੀ. ਓ. ਚੋਗਾਵਾਂ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਇਹ ਮਸਲਾ ਉਨਾਂ ਦੇ ਧਿਆਨ ਵਿਚ ਨਹੀਂ ਹੈ ਤੇ ਨਾ ਹੀ ਕੋਈ ਦਰਖਾਸਤ ਆਈ ਹੈ। ਫਿਰ ਵੀ ਉਹ ਜਾਂਚ ਪੜਤਾਲ ਕਰਵਾਉਣਗੇ।
;
;
;
;
;
;
;