JALANDHAR WEATHER

ਗੋਪੀ ਨਿੱਝਰ ਹੱਤਿਆ ਮਾਮਲੇ ’ਚ ਲੋੜੀਂਦੇ 3 ਸ਼ੂਟਰ ਚੰਡੀਗੜ੍ਹ ਪੁਲਿਸ ਵਲੋਂ ਗ੍ਰਿਫ਼ਤਾਰ

ਚੰਡੀਗੜ੍ਹ, 19 ਮਈ (ਕਪਿਲ ਵਧਵਾ) - ਚੰਡੀਗੜ੍ਹ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਗੋਪੀ ਨਿੱਝਰ ਹੱਤਿਆ ਮਾਮਲੇ ਵਿਚ ਲੋੜੀਂਦੇ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜੋਬਨਪ੍ਰੀਤ ਸਿੰਘ, ਅਜੈ ਕੁਮਾਰ ਅਤੇ ਪ੍ਰਭਜੋਤ ਵਜੋਂ ਹੋਈ ਹੈ। ਪੁਲਿਸ ਵਲੋਂ ਇਨ੍ਹਾਂ ਦੇ ਕਬਜ਼ੇ ਵਿਚੋਂ ਜ਼ਿਗਾਨਾ ਪਿਸਤੌਲ ਸਮੇਤ ਕੁੱਲ 3 ਪਿਸਤੌਲਾਂ ਬਰਾਮਦ ਕੀਤੀਆਂ ਗਈਆਂ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ. ਆਪ੍ਰੇਸ਼ਨ ਗੀਤਾਂਜਲੀ ਖੰਡੇਲਵਾਲ ਨੇ ਦੱਸਿਆ ਕਿ ਇੰਸਪੈਕਟਰ ਸਤਵਿੰਦਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਡੋਨੀ ਬਾਲ ਅਤੇ ਮੁਹੱਬਤ ਰੰਧਾਵਾ ਗੈਂਗ ਦੇ ਮੈਂਬਰ ਚੰਡੀਗੜ੍ਹ ਵਿਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਪੈਦਲ ਘੁੰਮ ਰਹੇ ਹਨ। ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਵਲੋਂ ਉਕਤ ਵਿਅਕਤੀਆਂ ਦਾ ਪਿੱਛਾ ਕੀਤਾ ਗਿਆ ਅਤੇ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਪਹੁੰਚ ਕੇ ਨਾਕਾਬੰਦੀ ਕੀਤੀ ਗਈ।
ਪੁਲਿਸ ਨੂੰ ਦੇਖਦੇ ਹੀ ਮੁਲਜ਼ਮਾਂ ਵਲੋਂ ਪੁਲਿਸ ਟੀਮ ’ਤੇ ਫਾਇਰਿੰਗ ਕਰ ਦਿੱਤੀ ਗਈ। ਇਸ ਦੌਰਾਨ ਮੁਲਜ਼ਮਾਂ ਨੇ 3 ਗੋਲੀਆਂ ਚਲਾਈਆਂ, ਜਦਕਿ ਜਵਾਬੀ ਕਾਰਵਾਈ ਵਿਚ ਪੁਲਿਸ ਵਲੋਂ 2 ਗੋਲੀਆਂ ਚਲਾਈਆਂ ਗਈਆਂ। ਮੁਲਜ਼ਮਾਂ ਵਲੋਂ ਚਲਾਈ ਗਈ ਇਕ ਗੋਲੀ ਪੁਲਿਸ ਦੇ ਏ. ਐੱਸ. ਆਈ. ਕੇਸ਼ਵ ਧਹੀਆ ਦੀ ਬੁਲੇਟ ਪਰੂਫ ਜੈਕਟ ’ਤੇ ਲੱਗੀ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ।
ਐੱਸ. ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਵਿਚੋਂ ਦੋ ਸੁੱਖਾ ਕਾਹਲਵਾਂ ਹੱਤਿਆਕਾਂਡ ਦੀ ਮੁੱਖ ਗਵਾਹ ਗੋਪੀ ਨਿੱਝਰ ਦੀ ਹੱਤਿਆ ਵਿਚ ਸ਼ੂਟਰ ਵਜੋਂ ਸ਼ਾਮਿਲ ਸਨ, ਜਦਕਿ ਤੀਜੇ ਮੁਲਜ਼ਮ ਨੇ ਸਹਿ-ਮੁਲਜ਼ਮ ਵਜੋਂ ਭੂਮਿਕਾ ਨਿਭਾਈ ਸੀ। ਪੁਲਿਸ ਅਨੁਸਾਰ ਤਿੰਨਾਂ ਮੁਲਜ਼ਮਾਂ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਤਾਂ ਜੋ ਇਨ੍ਹਾਂ ਦੇ ਹੋਰ ਸਾਥੀਆਂ, ਹਥਿਆਰਾਂ ਦੇ ਸਰੋਤ ਅਤੇ ਚੰਡੀਗੜ੍ਹ ਵਿਚ ਕੀਤੀ ਜਾਣ ਵਾਲੀ ਸੰਭਾਵਿਤ ਵਾਰਦਾਤ ਸਬੰਧੀ ਪੁੱਛਗਿੱਛ ਕੀਤੀ ਜਾ ਸਕੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ