JALANDHAR WEATHER

ਇਲਾਕੇ ਦੇ ਨੌਜਵਾਨਾਂ ਨੂੰ ਵੀ ਗੁਰਨੂਰ ਬਰਾੜ ਤੋਂ ਸੇਧ ਲੈਣੀ ਚਾਹੀਦੀ ਹੈ - ਡੀਐਸਪੀ ਜਸਪਾਲ ਸਿੰਘ

ਲੰਬੀ (ਸ੍ਰੀ ਮੁਕਤਸਰ ਸਾਹਿਬ), 21 ਮਈ (ਮੇਵਾ ਸਿੰਘ) - ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਨੇ ਅਫਗਾਨਿਸਤਾਨ ਵਿਰੁੱਧ 6 ਜੂਨ ਤੋਂ ਸ਼ੁਰੂ ਹੋਣ ਵਾਲੇ ਇਕ ਦਿਨਾ ਟੈਸਟ ਅਤੇ ਉਸ ਤੋਂ ਬਾਅਦ ਹੋਣ ਵਾਲੀ 3 ਮੈਚਾਂ ਦੀ ਇਦਿਨਾਂ ਲੜੀ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੈਸਟ ਟੀਮ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖਿਉਵਾਲੀ ਦੇ ਵਸਨੀਕ ਗੁਰਨੂਰ ਬਰਾੜ ਨੂੰ ਵੀ ਮੌਕਾ ਦਿੱਤਾ ਗਿਆ ਹੈ। ਹੋਰ ਜਾਣਕਾਰੀ ਦਿੰਦਿਆਂ ਬਲਾਕ ਲੰਬੀ ਦੇ ਪਿੰਡ ਖਿਉਵਾਲੀ ਨਿਵਾਸੀ ਸਮੀ ਬਰਾੜ ਨੇ ਕਿਹਾ ਕਿ ਗੁਰਨੂਰ ਬਰਾੜ ਦੀ ਭਾਰਤੀ ਕ੍ਰਿਕਟ ਟੀਮ ਵਿਚ ਚੋਣ ਹੋਣਾ ਉਸ ਦੇ ਮਾਪਿਆ ਤੇ ਸਮੂਹ ਨਗਰ ਨਿਵਾਸੀਆਂ ਲਈ ਬੜੀ ਹੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਸੁਖਵੀਰ ਬਰਾੜ ਜੋ ਕਿ ਪੰਜਾਬ ਪੁਲਿਸ ਵਿਚ ਆਪਣੀ ਡਿਊਟੀ ਨਿਭਾ ਰਹੇ ਹਨ, ਤੇ ਇਸ ਵਕਤ ਮੋਹਾਲੀ ਵਿਚ ਰਹਿ ਰਹੇ ਹਨ। ਗੁਰਨੂਰ ਬਰਾੜ ਦੇ ਦਾਦਾ ਜੀ ਅਮਰਜੀਤ ਸਿੰਘ ਬਰਾੜ ਤੇ ਸਮੂਹ ਪਰਿਵਾਰ ਜੋ ਕਿ ਪਿੰਡ ਖਿਉਵਾਲੀ ਵਿਚ ਰਹਿ ਰਹੇ ਹਨ ਨੂੰ ਨਗਰ ਤੇ ਇਲਾਕਾ ਨਿਵਾਸੀਆਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਸ਼ਮੀ ਬਰਾੜ ਨੇ ਦੱਸਿਆ ਕਿ ਗੁਰਨੂਰ ਬਰਾੜ ਦੀ ਚੋਣ ਭਾਰਤੀ ਟੀਮ ਵਿਚ ਤੇਜ਼ ਗੇਂਦਬਾਜ਼ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 6 ਫੁੱਟ 5 ਇੰਚ ਦੇ ਨੋੌਜਵਾਨ ਗੁਰਨੂਰ ਬਰਾੜ ਸੰਨ 2022 ਵਿਚ ਸਭ ਤੋਂ ਛੋਟੀ ਉਮਰ ਦੇ ਖਿਡਾਰੀ ਵਜੋਂ ਆਈਪੀਐਲ ਮੈਚ ਵਿਚ ਪੰਜਾਬ ਦੀ ਟੀਮ ਵਿਚ ਵੀ ਖੇਡ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਗੁਰਨੂਰ ਬਰਾੜ ਦੀ ਚੋਣ ਇਕ ਟੈਸਟ ਅਤੇ 3 ਇਕ ਦਿਨਾਂ ਮੈਚਾਂ ਲਈ ਕੀਤੀ ਗਈ ਹੈ। ਉਹ ਆਈਪੀਐਲ ਵਿਚ ਗੁਜਰਾਤ ਟਾਈਟਨਸ ਵਲੋਂ ਖੇਡ ਰਿਹਾ ਹੈ। ਜਾਣਕਾਰੀ ਅਨੁਸਾਰ ਭਾਰਤੀ ਕ੍ਰਿਕਟ ਟੀਮ ਪਹਿਲਾ ਇਕ ਦਿਨਾਂ ਮੈਚ 14 ਜੂਨ ਨੂੰ ਧਰਮਸ਼ਾਲਾ ਵਿਖੇ, ਦੂਜਾ ਇਕ ਦਿਨਾ ਮੈਚ 17 ਜੂਨ ਨੂੰ ਲਖਨਊ ਵਿਖੇ ਅਤੇ ਤੀਜਾ ਵਨ ਡੇ ਮੈਚ 20 ਜੂਨ ਨੂੰ ਚੇਨਈ ਵਿਖੇ ਖੇਡੇਗੀ। ਇਸ ਸਬੰਧੀ ਗੱਲਬਾਤ ਕਰਦਿਆਂ ਜਸਪਾਲ ਸਿੰਘ ਡੀਐਸਪੀ ਮਲੋਟ ਨੇ ਕਿਹਾ ਕਿ ਗੁਰਨੂਰ ਬਰਾੜ ਦੀ ਭਾਰਤੀ ਕ੍ਰਿਕਟ ਟੀਮ ਵਿਚ ਚੋਣ ਹੋਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨਾਂ ਲਈ ਇਕ ਸੇਧ ਹੈ। ਉਨ੍ਹਾਂ ਕਿਹਾ ਇਸ ਨੌਜਵਾਨ ਦੀ ਇਸ ਪ੍ਰਾਪਤੀ ਤੋਂ ਸਾਡੇ ਇਲਾਕੇ ਦੇ ਨੌਜਵਾਨਾਂ ਨੂੰ ਵੀ ਕੁਝ ਸਿੱਖਣਾ ਚਾਹੀਦਾ ਹੈ ਅਤੇ ਨਸ਼ਿਆਂ ਦੇ ਜਾਲ ਤੋਂ ਬਚਕੇ ਖੇਡਾਂ ਵੱਲ ਆਕਰਸ਼ਤ ਹੋਕੇ ਇਸ ਤਰ੍ਹਾਂ ਦੀਆਂ ਬੁਲੰਦੀਆਂ ਨੂੰ ਛੂਹਕੇ ਆਪਣਾ, ਮਾਪਿਆਂ ਤੇ ਇਲਾਕੇ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ