ਨਿਊ ਚੰਡੀਗੜ੍ਹ ਦੇ ਓਮੈਕਸ ਚੌਂਕ ਵਿਖੇ ਹੋਏ ਹਾਦਸੇ 'ਚ ਮਾਂ-ਧੀ ਸਣੇ ਤਿੰਨ ਗੰਭੀਰ ਜ਼ਖ਼ਮੀਂ
ਮੁੱਲਾਂਪੁਰ ਗਰੀਬਦਾਸ (ਮੁਹਾਲੀ), 20 ਮਈ (ਦਿਲਬਰ ਸਿੰਘ ਖੈਰਪੁਰ) - ਨਿਊ ਚੰਡੀਗੜ੍ਹ ਦਾ ਓਮੈਕਸ ਚੌਂਕ ਦਿਨੋ ਦਿਨ ਵਧ ਰਹੇ ਹਾਦਸਿਆਂ ਸਦਕਾ ਖੂਨੀ ਚੌਂਕ ਵਜੋਂ ਜਾਣਿਆ ਜਾਣ ਲੱਗਾ ਹੈ। ਪਿੰਡ ਰਾਣੀਮਾਜਰਾ ਨਜ਼ਦੀਕ ਗਮਾਡਾ ਦੀ ਲਾਪਰਵਾਹੀ ਦੇ ਚੱਲਦਿਆਂ ਟਰੈਫ਼ਿਕ ਲਾਈਟਾਂ ਤੋਂ ਸੱਖਣੇ ਇਸ ਚੌਂਕ ਵਿਚ ਰੋਜ਼ਾਨਾ ਤੇਜ਼ ਰਫ਼ਤਾਰ ਵਾਹਨਾਂ ਕਾਰਨ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਅੱਜ ਤਾਜ਼ਾ ਹਾਦਸੇ ਦੌਰਾਨ ਤੇਜ਼ ਰਫ਼ਤਾਰ ਹਿਮਾਚਲ ਪ੍ਰਦੇਸ਼ ਨੰਬਰੀ ਟਾਟਾ 407 ਦੀ ਲਪੇਟ ਵਿਚ ਮੋਟਰ ਸਾਈਕਲ ਸਵਾਰ ਆ ਗਏ। ਇਸ ਭਿਆਨਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਤਿੰਨ ਜਣੇ ਗੰਭੀਰ ਜ਼ਖ਼ਮੀਂ ਹੋ ਗਏ ਹਨ। ਓਮੈਕਸ ਚੌਂਕ ਨੇੜੇ ਤਾਇਨਾਤ ਕੰਪਨੀ ਦੇ ਪ੍ਰਾਈਵੇਟ ਸੁਰੱਖਿਆ ਕਰਮਚਾਰੀ ਸੁਰਿੰਦਰ ਸਿੰਘ ਵਾਸੀ ਮਾਣਕਪੁਰ ਸ਼ਰੀਫ ਨੇ ਦੱਸਿਆ ਕਿ ਬਾਅਦ ਦੁਪਹਿਰ ਵੇਲੇ ਲਿਫਟ ਲੈ ਕੇ ਇਕ ਮੋਟਰ ਸਾਈਕਲ ਉਤੇ ਸਵਾਰ ਹੋ ਕੇ ਮੋਰਿੰਡਾ ਨੇੜਲੇ ਇਕ ਪਿੰਡ ਮੈੜ ਵਾਸੀ ਰਣਜੀਤ ਕੌਰ ਅਤੇ ਉਸ ਦੀ ਧੀ ਜੋਬਨਪ੍ਰੀਤ ਕੌਰ ਪਿੰਡ ਬੂਥਗੜ੍ਹ ਵੱਲ ਨੂੰ ਜਾ ਰਹੇ ਸਨ, ਜਦੋਂ ਉਹ ਓਮੈਕਸ ਚੌਕ ਕੋਲ ਪਹੁੰਚੇ ਤਾਂ ਖਰੜ ਵਾਲੇ ਪਾਸਿਉਂ ਆਉਂਦੇ ਇਕ ਤੇਜ਼ ਰਫ਼ਤਾਰ ਟਾਟਾ 407 ਨੇ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਮੋਟਰ ਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਉਕਤ ਮੋਟਰ ਸਾਈਕਲ ਸਵਾਰ ਤਿੰਨ ਜਣੇ ਗੰਭੀਰ ਜ਼ਖ਼ਮੀ ਹੋ ਗਏ। ਲੋਕਾਂ ਨੇ ਪੁਲਿਸ ਨੂੰ ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਇਕ ਰਾਹਗੀਰ ਕਾਰ ਸਵਾਰ ਮਹਿਲਾ ਦੀ ਸਹਾਇਤਾ ਨਾਲ ਜ਼ਖ਼ਮੀਂ ਹੋਈ ਲੜਕੀ ਜੋਬਨਪ੍ਰੀਤ ਕੌਰ ਅਤੇ ਮੋਟਰਸਾਈਕਲ ਚਾਲਕ ਸੰਜੇ ਕੁਮਾਰ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਅਤੇ ਰਣਜੀਤ ਕੌਰ ਨੂੰ ਮੁਹਾਲੀ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਇਸੇ ਦੌਰਾਨ ਸਥਾਨਕ ਪੁਲੀਸ ਨੇ ਦੋਵਾਂ ਵਾਹਨਾਂ ਨੂੰ ਆਪਣੇ ਕਬਜੇ ਵਿਚ ਲੈ ਕੇ ਇਸ ਹਾਦਸੇ ਸੰਬੰਧੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
;
;
;
;
;
;
;
;