ਵਿਕਸਿਤ ਭਾਰਤ 2047 ਸਾਡੀ ਵਚਨਬੱਧਤਾ ਸਿਰਫ਼ ਨਾਅਰਾ ਨਹੀਂ-ਪ੍ਰਧਾਨ ਮੰਤਰੀ
ਨਵੀਂ ਦਿੱਲੀ, 21 ਮਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਪਣੇ ਮੰਤਰੀ ਮੰਡਲ ਨੂੰ ਕਿਹਾ ਕਿ ਉਹ ਆਪਣਾ ਟੀਚਾ 2047 'ਤੇ ਕੇਂਦਰਿਤ ਕਰਨ ਤਾਂ ਜੋ ਵੱਖ-ਵੱਖ ਸੁਧਾਰ ਪਹਿਲਕਦਮੀਆਂ ਜ਼ਰੀਏ ਲੋਕਾਂ ਦੀ ਜ਼ਿੰਦਗੀ ਹੋਰ ਜ਼ਿਆਦਾ ਆਰਾਮਦਾਇਕ ਬਣ ਸਕੇ | ਮੰਤਰੀ ਮੰਡਲ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਅਗਲੀ ਪੀੜ੍ਹੀ ਦੇ ਸੁਧਾਰਾਂ 'ਤੇ ਵੱਧ ਤੋਂ ਵੱਧ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ 2047, ਜਦੋਂ ਭਾਰਤ ਆਪਣੀ ਆਜ਼ਾਦੀ ਦੀ 100 ਵਰ੍ਹੇਗੰਢ ਮਨਾਏਗਾ, ਤੱਕ ਦੇਸ਼ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਇਆ ਜਾ ਸਕੇ | ਸੂਤਰਾਂ ਅਨੁਸਾਰ ਬੈਠਕ ਦੌਰਾਨ ਮੋਦੀ ਨੇ ਉਨ੍ਹਾਂ ਸੁਧਾਰ ਪਹਿਲਕਦਮੀਆਂ ਦੀ ਇਕ ਵਿਆਪਕ ਰੂਪ-ਰੇਖਾ ਪੇਸ਼ ਕੀਤੀ, ਜਿਨ੍ਹਾਂ ਜ਼ਰੀਏ 2047 ਤੱਕ ਦੇਸ਼ ਇਕ ਵਿਕਸਿਤ ਰਾਸ਼ਟਰ ਬਣ ਸਕੇਗਾ | ਉਨ੍ਹਾਂ ਨੇ ਮੰਤਰੀਆਂ ਨੂੰ ਵਾਰ-ਵਾਰ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਅਤੇ ਉਦੇਸ਼ ਸਦਾ ਲੋਕਾਂ ਦੇ ਜੀਵਨ ਨੂੰ ਆਰਾਮਦਾਇਕ ਬਣਾਉਣਾ ਹੋਣਾ ਚਾਹੀਦਾ ਹੈ ਤੇ ਲੋਕਾਂ ਲਈ 'ਜੀਵਨ ਦੀ ਸੌਖ' ਯਕੀਨੀ ਬਣਾਉਣੀ ਚਾਹੀਦੀ ਹੈ | ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਸਰਕਾਰੀ ਕੰਮਾਂ 'ਚ ਕਿਸੇ ਵੀ ਪ੍ਰਕਾਰ ਦੇ ਕੰਮ ਲੰਬਿਤ ਨਹੀਂ ਹੋਣੇ ਚਾਹੀਦੇ | ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਮੋਦੀ ਦੀ ਹਾਲ ਹੀ 'ਚ ਪੂਰੀ ਹੋਈ ਵਿਦੇਸ਼ ਯਾਤਰਾ 'ਤੇ ਇਕ ਪੇਸ਼ਕਾਰੀ ਦਿੱਤੀ, ਜਿਸ ਦੌਰਾਨ ਪ੍ਰਧਾਨ ਮੰਤਰੀ ਨੇ ਪੰਜ ਦੇਸ਼ਾਂ ਯੂ. ਏ. ਈ., ਨੀਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਦਾ ਦੌਰਾ ਕੀਤਾ | ਕੁੱਲ 9 ਸਕੱਤਰਾਂ ਨੇ ਆਪਣੇ-ਆਪਣੇ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ ਪਹਿਲਕਦਮੀਆਂ ਅਤੇ ਕੰਮਕਾਜ 'ਤੇ ਪੇਸ਼ਕਾਰੀ ਦਿੱਤੀ | ਉਨ੍ਹਾਂ 'ਚ ਕੁਝ ਨੇ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੇ ਪਿਛਲੇ ਦੋ ਸਾਲਾਂ 'ਚ ਕੀਤੇ ਗਏ ਕੰਮਾਂ 'ਤੇ ਪੇਸ਼ਕਾਰੀ ਦਿੱਤੀ | ਕੈਬਨਿਟ ਸਕੱਤਰ ਟੀ. ਵੀ. ਸੋਮਨਾਥ ਨੇ ਵੀ ਸਰਕਾਰ ਦੀਆਂ ਵਿਆਪਕ ਸੁਧਾਰ ਪਹਿਲਕਦਮੀਆਂ ਅਤੇ ਲੋਕਾਂ ਦੇ ਹਿਤ 'ਚ ਚੁੱਕੇ ਗਏ ਹੋਰ ਕਦਮਾਂ 'ਤੇ ਇਕ ਪੇਸ਼ਕਾਰੀ ਦਿੱਤੀ | ਨੀਤੀ ਆਯੋਗ ਦੇ ਮੈਂਬਰ ਰਾਜੀਵ ਗੌਬਾ ਨੇ ਵੀ ਇਕ ਪੇਸ਼ਕਾਰੀ ਦਿੱਤੀ | ਇਸ ਬੈਠਕ 'ਚ ਸਾਰੇ ਕੈਬਨਿਟ ਮੰਤਰੀਆਂ, ਰਾਜ ਮੰਤਰੀਆਂ (ਸੁਤੰਤਰ ਚਾਰਜ) ਅਤੇ ਰਾਜ ਮੰਤਰੀਆਂ ਨੇ ਹਿੱਸਾ ਲਿਆ | ਇਸ ਸਾਲ ਮੰਤਰੀ ਪ੍ਰੀਸ਼ਦ ਦੀ ਇਹ ਪਹਿਲੀ ਬੈਠਕ ਸੀ |
;
;
;
;
;
;
;
;
;