JALANDHAR WEATHER

ਸੁਖਬੀਰ ਬਾਦਲ ਵਲੋਂ ਪੰਜਾਬ ਨੂੰ ਮੌਜੂਦਾ ਨਿਘਾਰ 'ਚੋਂ ਕੱਢਣ ਲਈ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ

ਮੰਡੀ ਕਿੱਲਿਆਂਵਾਲੀ, 23 ਮਈ (ਇਕਬਾਲ ਸਿੰਘ ਸ਼ਾਂਤ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਨੂੰ ਮੌਜੂਦਾ ਨਿਘਾਰ ਭਰੇ ਹਾਲਾਤਾਂ 'ਚੋਂ ਕੱਢਣ ਲਈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਾਈ ਚੋਣਾਂ ਵਿਚ ਹੁਣ ਸਿਰਫ਼ ਪੰਜ ਮਹੀਨੇ ਬਾਕੀ ਹਨ, ਮੌਜੂਦਾ ਮਿਉਂਸਪਲ ਚੋਣਾਂ ਇਸ ਪੰਜਾਬ ਪੱਖੀ ਆਗਾਜ਼ ਨੂੰ ਅਮਲੀ ਰੂਪ ਦੇਣ ਲਈ ਬਿਹਤਰੀਨ ਜ਼ਰੀਆ ਹਨ।

ਉਨ੍ਹਾਂ ਆਪਣੇ ਵਲੋਂ ਜਾਰੀ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਆਖਿਆ ਕਿ ਮੌਜੂਦਾ ਆਪ ਸਰਕਾਰ ਦੇ ਕਾਰਜਕਾਲ ਵਿਚ ਹੁਣ ਸਿਰਫ਼ ਪੰਜ ਮਹੀਨੇ ਬਚੇ ਹਨ। ਉਨ੍ਹਾਂ ਪਿਛਲੇ ਇਕ ਦਹਾਕੇ ਵਿਚ ਸੱਤਾ 'ਤੇ ਕਾਬਿਜ਼ ਰਹੀਆਂ ਕਾਂਗਰਸ ਅਤੇ ਆਪ ਦੀਆਂ ਸਰਕਾਰਾਂ 'ਤੇ ਨਿਸ਼ਾਨਾ ਸਾਧਦੇ ਕਿਹਾ ਕਿ ਇਸ ਵਕਫੇ ਦੌਰਾਨ ਪੰਜਾਬ ਦੇ ਹਾਲਾਤ ਲਗਾਤਾਰ ਮਾੜੇ ਹੋਏ ਹਨ। ਸੂਬੇ ਵਿਚ ਅਮਨ-ਕਾਨੂੰਨ ਦੀ ਸਥਿਤੀ, ਨਸ਼ੇ, ਗੁੰਡਾਗਰਦੀ ਅਤੇ ਗੈਂਗਸਟਰਵਾਦ ਕਾਰਨ ਡਰ ਅਤੇ ਖੌਫ਼ ਦਾ ਮਾਹੌਲ ਬਣਿਆ ਹੋਇਆ ਹੈ।
ਕੌਮੀ ਪਾਰਟੀਆਂ 'ਤੇ ਵਰ੍ਹਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਦੀ ਸੋਚ ਪੰਜਾਬ ਪੱਖੀ ਨਹੀਂ ਹੈ, ਸਗੋਂ ਇਹ ਦਿੱਲੀ ਬੈਠੇ ਆਪਣੇ ਆਕਾਵਾਂ ਦੇ ਹੁਕਮ ਮੰਨਦੀਆਂ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਨੂੰ ਚੇਤੇ ਕਰਵਾਉਂਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਪੰਜਾਬ ਵਿਚ ਸ਼ਾਂਤੀ, ਭਾਈਚਾਰਕ ਸਾਂਝ ਅਤੇ ਵਿਕਾਸ ਦਾ ਦੌਰ ਰਿਹਾ।

ਜੂਨੀਅਰ ਬਾਦਲ ਨੇ ਆਗਾਮੀ ਮਿਉਂਸਪਲ ਚੋਣਾਂ ਨੂੰ ਬੇਹੱਦ ਅਹਿਮ ਦੱਸਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਚੋਣਾਂ ਵਿਚ ਵੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਇਆ ਜਾਵੇ। ਉਨ੍ਹਾਂ ਤਰਕ ਦਿੱਤਾ ਕਿ ਜੇਕਰ ਪੰਜ ਮਹੀਨਿਆਂ ਬਾਅਦ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਅਤੇ ਕਾਰਪੋਰੇਸ਼ਨਾਂ ਵਿਚ ਵੀ ਅਕਾਲੀ ਦਲ ਦਾ ਕਬਜ਼ਾ ਹੋਵੇਗਾ, ਤਾਂ ਵਿਕਾਸ ਕਾਰਜ ਬਿਨਾਂ ਕਿਸੇ ਰੁਕਾਵਟ ਦੇ ਹੋਣਗੇ। ਜੇਕਰ ਕਮੇਟੀਆਂ ਵਿਚ ਹੋਰ ਪਾਰਟੀਆਂ ਹੋਈਆਂ ਤਾਂ ਉਹ ਜਾਣ-ਬੁੱਝ ਕੇ ਪੰਜ ਸਾਲ ਵਿਕਾਸ ਕਾਰਜਾਂ ਵਿਚ ਅੜਿੱਕੇ ਪਾਉਣਗੀਆਂ। ਉਨ੍ਹਾਂ ਪੰਜਾਬੀਆਂ ਨਾਲ ਵਾਅਦਾ ਕੀਤਾ ਕਿ ਜੇਕਰ ਅਕਾਲੀ ਦਲ ਨੂੰ ਸੱਤਾ ਸੌਂਪੀ ਜਾਂਦੀ ਹੈ, ਤਾਂ ਉਹ ਪੰਜਾਬ ਦੇ ਪੁਰਾਣੇ ਸੁਨਹਿਰੀ ਦਿਨ ਮੁੜ ਵਾਪਸ ਲੈ ਕੇ ਆਉਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ