JALANDHAR WEATHER

82 ਸਾਲਾ ਬਜ਼ੁਰਗ ਨਾਲ ਸ਼ਾਤਿਰ ਢੰਗ ਨਾਲ ਠੱਗੀ ਤੇ ਚੋਰੀ, 7 ਤੋਲੇ ਸੋਨਾ ਲੈ ਕੇ ਫ਼ਰਾਰ

ਜ਼ੀਰਕਪੁਰ 28 ਮਈ (ਅਲੀ)- ਟਰਾਈਸਿਟੀ ਵਿਚ ਹੁਣ ਚੋਰ ਸਿਰਫ਼ ਤਾਲੇ ਤੋੜ ਕੇ ਹੀ ਨਹੀਂ, ਸਗੋਂ ਲੋਕਾਂ ਦਾ ਭਰੋਸਾ ਜਿੱਤ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਬਲਟਾਣਾ ਦੀ ਗਿੱਲ ਕਾਲੋਨੀ ਵਿਚ ਇਕ 82 ਸਾਲਾਂ ਰਿਟਾਇਰਡ ਸਰਕਾਰੀ ਅਧਿਕਾਰੀ ਦੇ ਘਰ ਦੋ ਸ਼ਾਤਿਰ ਨੌਜਵਾਨ ਤਿੰਨ ਦਿਨ ਤੱਕ “ਚਾਬੀ ਮਿਸਤਰੀ” ਬਣ ਕੇ ਆਉਂਦੇ ਰਹੇ ਅਤੇ ਮੌਕਾ ਮਿਲਦੇ ਹੀ ਕਰੀਬ ਸੱਤ ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਏ।

ਹੈਰਾਨੀ ਦੀ ਗੱਲ ਇਹ ਰਹੀ ਕਿ ਦੋਵਾਂ ਮੁਲਜ਼ਮਾਂ ਨੇ ਇੰਨੀ ਸਫ਼ਾਈ ਨਾਲ ਵਾਰਦਾਤ ਕੀਤੀ ਕਿ ਪਰਿਵਾਰ ਨੂੰ ਤੁਰੰਤ ਚੋਰੀ ਦਾ ਪਤਾ ਵੀ ਨਹੀਂ ਲੱਗਿਆ। ਜਾਂਦੇ ਸਮੇਂ ਉਹ ਅਲਮਾਰੀ ਦੇ ਲਾਕ ਵਿਚ ਟੁੱਟੀ ਚਾਬੀ ਦਾ ਟੁਕੜਾ ਫ਼ਸਾ ਕੇ ਚਲੇ ਗਏ ਅਤੇ ਅਗਲੇ ਦਿਨ ਮੁੜ ਆਉਣ ਦਾ ਬਹਾਨਾ ਬਣਾ ਗਏ।

ਪੀੜਤ ਚੰਦਰ ਭਾਨ ਸ਼ਰਮਾ ਨੇ ਦੱਸਿਆ ਕਿ ਉਹ ਹਰਿਆਣਾ ਸਕੱਤਰਾਲ ਤੋਂ ਰਿਟਾਇਰਡ ਹਨ ਅਤੇ ਪਿਛਲੇ 19 ਸਾਲਾਂ ਤੋਂ ਗਿੱਲ ਕਾਲੋਨੀ ਵਿਚ ਰਹਿ ਰਹੇ ਹਨ। ਉਨ੍ਹਾਂ ਦਾ ਇਕ ਪੁੱਤਰ ਅਮਰੀਕਾ ਵਿਚ ਅਤੇ ਦੂਜਾ ਮੋਹਾਲੀ ਵਿਚ ਨੌਕਰੀ ਕਰਦਾ ਹੈ। ਕੁੱਝ ਦਿਨ ਪਹਿਲਾਂ ਘਰ ਦੀ ਅਲਮਾਰੀ ਦਾ ਲਾਕ ਖ਼ਰਾਬ ਹੋ ਗਿਆ ਸੀ। ਇਸ ਦੌਰਾਨ ਗਲੀ ਵਿਚ ਘੁੰਮ ਰਹੇ ਦੋ ਸਰਦਾਰ ਨੌਜਵਾਨ ਮਿਲੇ, ਜਿਨ੍ਹਾਂ ਨੇ ਆਪਣੇ ਆਪ ਨੂੰ ਚਾਬੀ ਬਣਾਉਣ ਵਾਲਾ ਦੱਸਿਆ।

ਜਾਣਕਾਰੀ ਮੁਤਾਬਕ ਪਹਿਲੇ ਦਿਨ ਦੋਵੇਂ ਨੌਜਵਾਨ ਅਲਮਾਰੀ ਠੀਕ ਕਰਨ ਦੇ ਬਹਾਨੇ ਘਰ ਵਿਚ ਦਾਖ਼ਲ ਹੋਏ ਅਤੇ ਗੱਲਾਂ-ਬਾਤਾਂ ਵਿੱਚ ਪਰਿਵਾਰ ਤੋਂ ਇਹ ਜਾਣਕਾਰੀ ਲੈ ਲਈ ਕਿ ਅਲਮਾਰੀ ਵਿਚ ਸੋਨੇ ਦੇ ਗਹਿਣੇ ਰੱਖੇ ਹੋਏ ਹਨ। ਦੂਜੇ ਦਿਨ ਵੀ ਉਹ ਘਰ ਆਏ ਅਤੇ ਲਾਕ ਠੀਕ ਕਰਨ ਦਾ ਨਾਟਕ ਕਰਦੇ ਹੋਏ ਘਰ ਅਤੇ ਅਲਮਾਰੀ ਦੀ ਪੂਰੀ ਰੇਕੀ ਕਰ ਗਏ।

ਤੀਜੇ ਦਿਨ ਦੋਵੇਂ ਮੁੜ ਘਰ ਪਹੁੰਚੇ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਵੱਖ-ਵੱਖ ਗੱਲਾਂ ਵਿਚ ਉਲਝਾ ਦਿੱਤਾ। ਇਸ ਦੌਰਾਨ ਮੌਕਾ ਮਿਲਦੇ ਹੀ ਉਹ ਅਲਮਾਰੀ ਵਿਚੋਂ ਕਰੀਬ ਸੱਤ ਤੋਂ ਅੱਠ ਤੋਲੇ ਸੋਨੇ ਦੇ ਗਹਿਣੇ ਕੱਢ ਕੇ ਫਰਾਰ ਹੋ ਗਏ। ਵਾਰਦਾਤ ਤੋਂ ਬਾਅਦ ਮੁਲਜ਼ਮਾਂ ਨੇ ਲਾਕ ਵਿਚ ਟੁੱਟੀ ਚਾਬੀ ਫ਼ਸਾ ਦਿੱਤੀ ਤਾਂ ਜੋ ਕਿਸੇ ਨੂੰ ਤੁਰੰਤ ਚੋਰੀ ਦਾ ਪਤਾ ਨਾ ਲੱਗੇ।

ਹਾਲਾਂਕਿ, ਪੀੜਤ ਦੇ ਪੋਤੇ ਨੂੰ ਦੋਵਾਂ ਨੌਜਵਾਨਾਂ ਦੀਆਂ ਹਰਕਤਾਂ ’ਤੇ ਸ਼ੱਕ ਹੋ ਗਿਆ ਸੀ। ਉਸ ਨੇ ਮੋਬਾਈਲ ਨਾਲ ਉਨ੍ਹਾਂ ਦੀ ਵੀਡੀਓ ਬਣਾ ਲਈ, ਜਿਸ ਵਿਚ ਦੋਵਾਂ ਦੇ ਚਿਹਰੇ ਸਾਫ਼ ਨਜ਼ਰ ਆ ਰਹੇ ਹਨ। ਹੁਣ ਇਹ ਵੀਡੀਓ ਪੁਲਿਸ ਲਈ ਸਭ ਤੋਂ ਵੱਡਾ ਸੁਰਾਗ ਬਣੀ ਹੋਈ ਹੈ। ਅਗਲੇ ਦਿਨ ਜਦੋਂ ਮੁਲਜ਼ਮ ਵਾਪਸ ਨਾ ਆਏ ਤਾਂ ਪਰਿਵਾਰ ਨੇ ਦੂਜੇ ਚਾਬੀ ਮਿਸਤਰੀ ਨੂੰ ਬੁਲਾਇਆ। ਉਸ ਨੇ ਲਾਕ ਖੋਲ੍ਹਿਆ ਤਾਂ ਅਲਮਾਰੀ ਵਿਚ ਪਏ ਸੋਨੇ ਦੇ ਗਹਿਣੇ ਗਾਇਬ ਮਿਲੇ। ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ’ਤੇ ਬਲਟਾਣਾ ਪੁਲਿਸ ਚੌਕੀ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ CCTV ਫੁਟੇਜ ਤੇ ਮੋਬਾਈਲ ਵੀਡੀਓ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦਾ ਮੰਨਣਾ ਹੈ ਕਿ ਮੁਲਜ਼ਮ ਕਿਸੇ ਪੇਸ਼ੇਵਰ ਗਿਰੋਹ ਨਾਲ ਸੰਬੰਧਿਤ ਹੋ ਸਕਦੇ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ