ਵੋਟਾਂ ਦੀ ਗਿਣਤੀ ਤੋਂ ਪਹਿਲਾਂ ਸਿਆਸੀ ਮਾਹੌਲ ਗਰਮਾਇਆ, ਵਿਰੋਧੀਆਂ ਵਲੋਂ ਧੱਕੇਸ਼ਾਹੀ ਦੇ ਦੋਸ਼
ਮਲੋਟ, 28 ਮਈ (ਪਾਟਿਲ)-ਮਲੋਟ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਤੋਂ ਠੀਕ 12-13 ਘੰਟੇ ਪਹਿਲਾਂ ਸ਼ਹਿਰ ਦਾ ਸਿਆਸੀ ਮਾਹੌਲ ਇਕ ਵਾਰ ਫਿਰ ਤਣਾਅਪੂਰਨ ਹੋ ਗਿਆ ਹੈ। 26 ਮਈ ਨੂੰ ਕੁਝ ਵਾਰਡਾਂ ਵਿਚ 'ਆਮ ਆਦਮੀ ਪਾਰਟੀ' ਅਤੇ ਵਿਰੋਧੀ ਧਿਰਾਂ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਪੋਲਿੰਗ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈ ਸੀ, ਪਰ ਹੁਣ ਕਾਊਂਟਿੰਗ ਸੈਂਟਰ ਵਿਚ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਦਾਖ਼ਲ ਹੋਣ ਦੇ ਦੋਸ਼ਾਂ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਚੋਣਾਂ ਵਾਲੇ ਦਿਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਵਿਸ਼ੇਸ਼ ਤੌਰ 'ਤੇ ਭੇਜੇ ਗਏ। ਹੈਪੀ ਖੇੜਾ ਦੀ ਮੌਜੂਦਗੀ ਕਾਰਨ ਕਾਂਗਰਸੀ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ ਸੀ।
ਅੱਜ ਹੈਪੀ ਖੇੜਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ, ਅਸ਼ਵਨੀ ਖੇੜਾ ਅਤੇ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਿੰਦਰ ਕੰਗ ਤੇ ਅਸ਼ੋਕ ਬਜਾਜ ਸਮੇਤ ਹੋਰਨਾਂ ਆਗੂਆਂ ਨੇ ਕਾਊਂਟਿੰਗ ਸੈਂਟਰ ਵਿਚ ਕੈਬਨਿਟ ਮੰਤਰੀ ਦੇ ਪੀ.ਏ. ਦੀ ਐਂਟਰੀ 'ਤੇ ਸਖ਼ਤ ਇਤਰਾਜ਼ ਜਤਾਇਆ। ਦੂਜੇ ਪਾਸੇ, ਮੰਤਰੀ ਦੇ ਪੀ.ਏ. ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਸਪੱਸ਼ਟ ਕੀਤਾ ਕਿ ਉਹ ਸਿਰਫ਼ ਆਪਣੇ ਉਮੀਦਵਾਰਾਂ ਦੇ ਕਾਊਂਟਿੰਗ ਏਜੰਟਾਂ ਸੰਬੰਧੀ ਮਹਿਜ਼ 10 ਮਿੰਟ ਗੱਲਬਾਤ ਕਰਕੇ ਵਾਪਸ ਆ ਗਏ ਸਨ। ਇਸੇ ਦੌਰਾਨ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਵੋਟਿੰਗ ਵਾਂਗ ਗਿਣਤੀ ਵੀ ਪਾਰਦਰਸ਼ੀ ਤਰੀਕੇ ਨਾਲ ਕਰਵਾਈ ਜਾਵੇ ਅਤੇ ਲੋਕਾਂ ਦੇ ਫਤਵੇ ਦਾ ਸਤਿਕਾਰ ਕੀਤਾ ਜਾਵੇ।
ਜਿੱਥੇ ਸਾਰੀਆਂ ਪਾਰਟੀਆਂ ਆਪਣੀ-ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ, ਉੱਥੇ ਹੀ ਸੱਤਾਧਾਰੀ 'ਆਪ' ਨੇ ਮਲੋਟ ਨਗਰ ਕੌਂਸਲ ਵਿਚ 100 ਫੀਸਦੀ ਬਹੁਮਤ ਨਾਲ ਕਮੇਟੀ ਬਣਾਉਣ ਦਾ ਦਾਅਵਾ ਕੀਤਾ ਹੈ। ਫਿਲਹਾਲ, ਦੋਸ਼ਾਂ-ਪ੍ਰਤੀਦੋਸ਼ਾਂ ਦੇ ਇਸ ਦੌਰ ਵਿਚਕਾਰ ਪੂਰੇ ਸ਼ਹਿਰ ਦੀਆਂ ਨਜ਼ਰਾਂ ਭਲਕੇ ਆਉਣ ਵਾਲੇ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ।
ਮਲੋਟ ਨਗਰ ਕੌਂਸਲ ਚੋਣ ਇਸ ਕਾਰਨ ਵੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਇਕ ਪਾਸੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਦੂਸਰੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਸੀਨੀਅਰ ਆਗੂਆਂ ਨੇ ਇਸ ਚੋਣ ਮੁਹਿੰਮ ਦੌਰਾਨ ਸ਼ਿਰਕਤ ਕੀਤੀ ਸੀ ਅਤੇ ਇਸ ਨਗਰ ਕੌਂਸਲ ਚੋਣ ਨੂੰ ਵਕਾਰੀ ਚੋਣ ਵਜੋਂ ਦੇਖਿਆ ਜਾ ਰਿਹਾ ਹੈ।
;
;
;
;
;
;
;
;