ਨਿਰੰਕਾਰੀ ਮਿਸ਼ਨ ਵਲੋਂ ਖੂਨਦਾਨ ਕੈਂਪ ਆਯੋਜਿਤ
ਡੇਰਾਬੱਸੀ, 7 ਜੂਨ (ਅਲੀ)- ਮਨੁੱਖੀ ਖੂਨਦਾਨ ਮੁਹਿੰਮ "ਨੂੰ ਅੱਗੇ ਵਧਾਉਂਦੇ ਹੋਏ ਅੱਜ ਸੰਤ ਨਿਰੰਕਾਰੀ ਸਤਿਸੰਗ ਭਵਨ, ਭਾਂਖਰਪੁਰ ਵਿਖੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੀ ਰਹਿਨੁਮਾਈ ਹੇਠ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਚੰਡੀਗੜ੍ਹ ਸੈਕਟਰ-16 ਦੇ ਸਰਕਾਰੀ ਮਲਟੀਸਪੈਸਲਿਟੀ ਹਸਪਤਾਲ ਦੀ ਡਾ: ਨਿਤਿਕਾ ਦੀ ਅਗਵਾਈ ਵਾਲੀ 16 ਮੈਂਬਰੀ ਟੀਮ ਨੇ ਆਪਣੇ ਤਜ਼ਰਬੇਕਾਰ ਡਾਕਟਰਾਂ ਅਤੇ ਸਟਾਫ਼ ਦੇ ਸਹਿਯੋਗ ਨਾਲ ਕੁੱਲ 126 ਯੂਨਿਟ ਖੂਨ ਇਕੱਠਾ ਕਰਨ ਦੀ ਪ੍ਰਕਿਰਿਆ ਨੂੰ ਸੰਪੰਨ ਕੀਤਾ। ਕੈਂਪ ਵਿਚ ਸੰਗਤ ਅਤੇ ਸੇਵਾਦਾਰਾਂ ਨੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਸਮਰਪਣ ਅਤੇ ਨਿਸ਼ਕਾਮ ਸੇਵਾ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ।
ਕੈਂਪ ਦਾ ਉਦਘਾਟਨ ਕਰਦੇ ਹੋਏ ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਓ.ਪੀ. ਨਿਰੰਕਾਰੀ ਜੀ ਨੇ ਮੌਜੂਦ ਸਵੈ-ਇੱਛੁਕ ਖੂਨਦਾਨੀਆਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਦਾ ਸੰਦੇਸ਼- “ਮਾਨਵ ਨੂੰ ਹੋਵੇ ਮਾਨਵ ਪਿਆਰਾ, ਇੱਕ-ਦੂਜੇ ਦਾ ਬਣੀਏ ਸਹਾਰਾ"- ਸਿਰਫ਼ ਸ਼ਬਦ ਨਹੀਂ, ਸਗੋਂ ਦਿਲੋਂ ਮੰਨ ਕੇ ਅਪਣਾਉਣ ਵਾਲੀ ਜੀਵਨ ਸ਼ੈਲੀ ਹੈ। ਉਨ੍ਹਾਂ ਇਸ ਕੈਂਪ ਨੂੰ ਕੇਵਲ ਇਕ ਪ੍ਰੋਗਰਾਮ ਨਹੀਂ, ਬਲਕਿ ਪਿਆਰ, ਸਦਭਾਵਨਾ ਅਤੇ ਨਿਸ਼ਕਾਮ ਸੇਵਾ ਦੀ ਜੀਵੰਤ ਮਿਸਾਲ ਕਰਾਰ ਦਿੱਤਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸੰਤ ਨਿਰੰਕਾਰੀ ਮਿਸ਼ਨ ਸਾਲ 1986 ਤੋਂ ਖੂਨਦਾਨ ਮੁਹਿੰਮਾਂ ਰਾਹੀਂ ਮਨੁੱਖਤਾ ਦੀ ਸੇਵਾ ਵਿਚ ਨਿਰੰਤਰ ਸਮਰਪਿਤ ਹੈ। ਹੁਣ ਤੱਕ ਦੇਸ਼ ਭਰ ਵਿਚ 9,174 ਤੋਂ ਵੱਧ ਖੂਨਦਾਨ ਕੈਂਪਾਂ ਰਾਹੀਂ ਲਗਭਗ 15 ਲੱਖ ਯੂਨਿਟ ਖੂਨ ਦਾਨ ਕੀਤਾ ਜਾ ਚੁੱਕਾ ਹੈ, ਜੋ ਇਸਨੂੰ ਦੇਸ਼ ਦੀਆਂ ਸਭ ਤੋਂ ਵੱਡੀਆਂ ਸਵੈ-ਇੱਛੁਕ ਖੂਨਦਾਨ ਕੈਂਪ ਮੁਹਿੰਮਾਂ ਵਿਚੋਂ ਇਕ ਬਣਾਉਂਦਾ ਹੈ।
ਇਸ ਮੌਕੇ ‘ਤੇ ਭਾਂਖਰਪੁਰ ਸ਼ਾਖਾ ਦੇ ਮੁਖੀ ਗੁਰਦਾਸ ਓਬਰਾਏ ਜੀ ਨੇ ਕਿਹਾ ਕਿ ਯੁੱਗ ਪ੍ਰਵਰਤਕ ਬਾਬਾ ਗੁਰਬਚਨ ਸਿੰਘ ਜੀ ਨੇ ਸੰਗਤ ਨੂੰ ਸੱਚਾਈ, ਸਾਦਗੀ ਅਤੇ ਭਲਾਈ ਦੇ ਰਸਤੇ ‘ਤੇ ਚੱਲਣ ਦੀ ਪ੍ਰੇਰਣਾ ਦਿੱਤੀ ਅਤੇ ਨੌਜਵਾਨਾਂ ਨੂੰ ਨਸ਼ਾ-ਮੁਕਤ ਜੀਵਨ ਅਪਣਾਕੇ ਸਮਾਜ ਸੇਵਾ ਵੱਲ ਅੱਗੇ ਵੱਧਣ ਦਾ ਸੰਦੇਸ਼ ਦਿੱਤਾ। ਬਾਬਾ ਹਰਦੇਵ ਸਿੰਘ ਜੀ ਨੇ “ਖੂਨ ਨਾਲੀਆਂ ਵਿਚ ਨਹੀਂ, ਨਾੜੀਆਂ ਵਿਚ ਵਗੇ” ਦਾ ਸੰਦੇਸ਼ ਦੇ ਕੇ ਸੇਵਾ ਨੂੰ ਜੀਵਨ ਦਾ ਅਟੁੱਟ ਹਿੱਸਾ ਬਣਾਇਆ, ਜਿਸ ਨੂੰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨਿਰੰਤਰ ਅੱਗੇ ਵਧਾ ਰਹੇ ਹਨ।
ਇਸ ਮੌਕੇ ਤੇ ਬਰਾਂਚ ਦੇ ਮੁਖੀ ਵਲੋਂ ਨਾਲ ਦੀਆਂ ਬ੍ਰਾਂਚਾਂ ਤੋਂ ਆਏ ਮੁਖੀ ਮਹਾਤਮਾਵਾਂ, ਖੇਤਰੀ ਸੰਚਾਲਕ ਰਾਜੇਸ਼ ਗੌੜ ਜੀ, ਇਲਾਕੇ ਦੇ ਪਤਵੰਤੇ ਸੱਜਣਾਂ, ਖੂਨਦਾਨੀਆਂ, ਡਾਕਟਰਾਂ, ਸੇਵਾਦਾਰਾਂ ਅਤੇ ਸੰਗਤ ਦਾ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਸਹਿਯੋਗ ਅਤੇ ਸਮਰਥਨ ਨਾਲ ਇਹ ਕੈਂਪ ਸਫ਼ਲਤਾਪੂਰਵਕ ਸੰਪੰਨ ਹੋਇਆ।
;
;
;
;
;
;
;
;