ਜ਼ੋਜੀਲਾ ਸੁਰੰਗ ਦੀ ਖ਼ੁਦਾਈ ਦਾ ਅੰਤਿਮ ਪੜਾਅ ਕੱਲ੍ਹ ਹੋਵੇਗਾ ਪੂਰਾ
*ਕਸ਼ਮੀਰ-ਲੱਦਾਖ਼ ਵਿਚਾਲੇ ਸੰਪਰਕ ਹੋਵੇਗਾ ਹੋਰ ਸੁਖਾਲਾ
ਹੈਦਰਾਬਾਦ, 7 ਜੂਨ (ਏਜੰਸੀ)-ਭਾਰਤ ਦੇ ਸਭ ਤੋਂ ਮਹੱਤਵਪੂਰਨ ਪਹਾੜੀ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ 'ਚੋਂ ਇਕ 'ਜ਼ੋਜਿਲਾ ਸੁਰੰਗ' 9 ਜੂਨ ਨੂੰ ਇਕ ਇਤਿਹਾਸਕ ਉਪਲੱਬਧੀ ਪ੍ਰਾਪਤ ਕਰਨ ਲਈ ਤਿਆਰ ਹੈ, ਜੋ ਕਿ ਪ੍ਰਾਜੈਕਟ ਦੇ ਸਭ ਤੋਂ ਮਹੱਤਵਪੂਰਨ ਖੁਦਾਈ ਪੜਾਅ ਦੇ ਮੁਕੰਮਲ ਹੋਣ ਦੀ ਨਿਸ਼ਾਨਦੇਹੀ ਕਰਦੀ ਹੈ | ਇਸ ਮੌਕੇ ਹੋ ਰਹੇ ਸਮਾਗਮ 'ਚ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਸ਼ਾਮਿਲ ਹੋਣਗੇ | ਇਸ ਪ੍ਰਾਜੈਕਟ ਨੂੰ ਹੈਦਰਾਬਾਦ ਸਥਿਤ ਮੇਘਾ ਇੰਜੀਨੀਅਰਿੰਗ ਐਂਡ ਇੰਫਰਾਸਟਰਕਚਰ ਲਿਮਟਿਡ ਦੁਆਰਾ ਨੈਸ਼ਨਲ ਹਾਈਵੇਜ਼ ਐਂਡ ਇੰਫਰਾਸਟਰਕਚਰ ਕਾਰਪੋਰੇਸ਼ਨ ਲਿਮਟਿਡ ਤਰਫੋਂ ਪੂਰਾ ਕੀਤਾ ਜਾ ਰਿਹਾ ਹੈ | ਹੈਦਰਾਬਾਦ ਸਥਿਤ ਕੰਪਨੀ ਅਨੁਸਾਰ 13.153 ਕਿਲੋਮੀਟਰ ਲੰਬੀ ਜ਼ੋਜੀਲਾ ਸੁਰੰਗ ਦੁਨੀਆ ਦੀ ਸਭ ਤੋਂ ਲੰਬੀ ਸਿੰਗਲ-ਟਿਊਬ ਦੋ-ਦਿਸ਼ਾਵੀ ਸੜਕ ਸੁਰੰਗ ਹੈ ਜੋ ਇੰਨੀ ਉਚਾਈ 'ਤੇ ਬਣਾਈ ਜਾ ਰਹੀ ਹੈ | ਇਹ ਸੁਰੰਗ ਸੋਨਮਰਗ ਦੇ ਨੇੜੇ ਬਾਲਟਾਲ ਤੋਂ ਦਰਾਸ-ਕਾਰਗਿਲ ਖੇਤਰ 'ਚ ਮੀਨਾਮਾਰਗ ਤੱਕ ਫੈਲੀ ਹੋਈ ਹੈ ਅਤੇ ਸਮੁੰਦਰ ਤਲ ਤੋਂ ਲਗਭਗ 11,578 ਫੁੱਟ ਦੀ ਉਚਾਈ 'ਤੇ ਬਣਾਈ ਜਾ ਰਹੀ ਹੈ | ਪੂਰਾ ਹੋਣ ਤੋਂ ਬਾਅਦ ਇਹ ਸ੍ਰੀਨਗਰ ਅਤੇ ਲੱਦਾਖ ਵਿਚਕਾਰ ਨਿਰਵਿਘਨ ਸੰਪਰਕ ਪ੍ਰਦਾਨ ਕਰੇਗੀ, ਜਿਸ ਨਾਲ ਦਰਾਸ, ਕਾਰਗਿਲ ਅਤੇ ਲੇਹ ਤੱਕ ਪਹੁੰਚ ਬਿਹਤਰ ਹੋਵੇਗੀ ਅਤੇ ਸੰਵੇਦਨਸ਼ੀਲ ਸਰਹੱਦੀ ਖੇਤਰ 'ਚ ਨਾਗਰਿਕ ਗਤੀਸ਼ੀਲਤਾ, ਸਾਜੋ-ਸਾਮਾਨ ਅਤੇ ਰਣਨੀਤਕ ਫ਼ੌਜੀ ਆਵਾਜਾਈ ਆਸਾਨ ਹੋ ਜਾਵੇਗੀ | ਇਸ ਸੁਰੰਗ ਤੋਂ ਖੇਤਰ 'ਚ ਸੈਰ-ਸਪਾਟਾ, ਵਪਾਰ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲਣ ਦੀ ਵੀ ਉਮੀਦ ਹੈ |
;
;
;
;
;
;
;
;