ਮਹਿਲਾ ਦੋਸਤ ਵਲੋਂ ਨੌਜਵਾਨ 'ਤੇ ਜਾਨਲੇਵਾ ਹਮਲਾ
ਲੁਧਿਆਣਾ, 15 ਜੂਨ (ਪ੍ਰਦੀਪ ਭੰਡਾਰੀ) - ਲੁਧਿਆਣਾ ਦੇ ਸਾਹਨੇਵਾਲ ਇਲਾਕੇ ਵਿਚ ਇਕ ਪ੍ਰੇਮ ਸੰਬੰਧ ਉਸ ਵੇਲੇ ਖੂਨੀ ਵਿਵਾਦ ਵਿਚ ਬਦਲ ਗਿਆ ਜਦੋਂ ਆਪਣੀ ਮਹਿਲਾ ਦੋਸਤ ਨੂੰ ਮਿਲਣ ਲਈ ਪੀਜੀ ਪਹੁੰਚੇ ਇਕ ਨੌਜਵਾਨ 'ਤੇ ਲੜਕੀ ਵਲੋਂ ਕਥਿਤ ਤੌਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿਚ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਮਾਮਲੇ ਵਿਚ ਕਾਰਵਾਈ ਕਰਦਿਆਂ ਦੋਸ਼ੀ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਹੀਰਾਂ ਦਾ ਰਹਿਣ ਵਾਲਾ ਮਨਪ੍ਰੀਤ ਸਿੰਘ 12 ਜੂਨ ਦੀ ਰਾਤ ਆਪਣੀ ਮਹਿਲਾ ਦੋਸਤ ਨੂੰ ਮਿਲਣ ਲਈ ਸਾਹਨੇਵਾਲ ਸਥਿਤ ਇਕ ਪੀਜੀ ਵਿਚ ਗਿਆ ਸੀ। ਉਸ ਦੇ ਦੋ ਦੋਸਤ ਪੀਜੀ ਦੇ ਬਾਹਰ ਉਡੀਕ ਕਰ ਰਹੇ ਸਨ। ਕੁਝ ਸਮੇਂ ਬਾਅਦ ਕਮਰੇ ਅੰਦਰੋਂ ਚੀਕਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ, ਜਿਸ ਤੋਂ ਬਾਅਦ ਦੋਵੇਂ ਦੋਸਤ ਤੁਰੰਤ ਅੰਦਰ ਦੌੜੇ।ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੇ ਵੇਖਿਆ ਕਿ ਮਨਪ੍ਰੀਤ ਸਿੰਘ ਪਹਿਲੀ ਮੰਜ਼ਿਲ ਦੀਆਂ ਪੌੜ੍ਹੀਆਂ ਕੋਲ ਖੂਨ ਨਾਲ ਲੱਥਪੱਥ ਹਾਲਤ ਵਿਚ ਪਿਆ ਸੀ। ਦੋਸ਼ ਹੈ ਕਿ ਕਿਸੇ ਗੱਲ ਨੂੰ ਲੈ ਕੇ ਹੋਏ ਤਕਰਾਰ ਦੌਰਾਨ ਮਹਿਲਾ ਦੋਸਤ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਚਾਕੂ ਉਸ ਦੀ ਕਮਰ ਦੇ ਨੇੜੇ ਲੱਗਾ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।
ਜ਼ਖ਼ਮੀ ਮਨਪ੍ਰੀਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਮਨਪ੍ਰੀਤ ਅਜੇ ਬਿਆਨ ਦੇਣ ਦੀ ਹਾਲਤ ਵਿਚ ਨਹੀਂ ਹੈ ਅਤੇ ਉਸ ਦੇ ਹੋਸ਼ ਵਿਚ ਆਉਣ ਤੋਂ ਬਾਅਦ ਹੀ ਪੂਰੇ ਘਟਨਾਕ੍ਰਮ ਬਾਰੇ ਸਪੱਸ਼ਟ ਜਾਣਕਾਰੀ ਮਿਲ ਸਕੇਗੀ।ਓਧਰ ਦੋਸ਼ੀ ਲੜਕੀ ਦੇ ਮਾਮੇ ਦੇ ਲੜਕੇ ਨੇ ਦੱਸਿਆ ਕਿ ਤਿੰਨ ਨੌਜਵਾਨ ਨਸ਼ੇ ਵਿਚ ਲੜਕੀ ਨੂੰ ਪ੍ਰੇਸ਼ਾਨ ਕਰ ਰਹੇ ਸਨ, ਅਤੇ ਲੜਕੀ ਨਾਲ ਕੁੱਟਮਾਰ ਵੀ ਕਰ ਰਹੇ ਸਨ ਅਤੇ ਲੜਕੀ ਨੇ ਆਪਣੇ ਬਚਾਅ ਵਿਚ ਰਸੋਈ ਵਿਚ ਇਸਤੇਮਾਲ ਹੋਣ ਵਾਲੇ ਚਾਕੂ ਨਾਲ ਲੜਕੇ 'ਤੇ ਵਾਰ ਕਰ ਦਿੱਤਾ ।ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦੋਸ਼ੀ ਲੜਕੀ ਹਰਿਆਣਾ ਦੇ ਯਮੁਨਾਨਗਰ ਦੀ ਰਹਿਣ ਵਾਲੀ ਹੈ। ਦੋਵਾਂ ਦੀ ਕਰੀਬ ਤਿੰਨ ਮਹੀਨੇ ਪਹਿਲਾਂ ਦੋਸਤੀ ਹੋਈ ਸੀ।
ਉੱਧਰ ਮਨਪ੍ਰੀਤ ਪਿੰਡ ਹੀਰਾਂ ਵਿਚ ਸੈਲੂਨ ਚਲਾਉਂਦਾ ਹੈ ਅਤੇ ਕੁਝ ਮਹੀਨੇ ਪਹਿਲਾਂ ਹੀ ਮਲੇਸ਼ੀਆ ਤੋਂ ਵਾਪਸ ਆਇਆ ਸੀ।ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਸਾਹਨੇਵਾਲ ਪੁਲਿਸ ਨੇ ਗ੍ਰਿਫ਼ਤਾਰ ਲੜਕੀ ਖ਼ਿਲਾਫ਼ ਬੀਐਨਐਸ ਦੀ ਧਾਰਾ 109 ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਸੰਬੰਧੀ ਐਸ.ਐਚ.ਓ. ਦਲਬੀਰ ਸਿੰਘ ਨੇ ਦੱਸਿਆ ਕਿ ਘਟਨਾ ਸਮੇਂ ਖੁਸ਼ੀ ਦਾ ਫੋਨ ਲਗਾਤਾਰ ਵਿਅਸਤ ਆ ਰਿਹਾ ਸੀ ਕਿਉਂਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰ ਰਹੀ ਸੀ।ਐਸਐਚਓ ਮੁਤਾਬਕ ਮਨਪ੍ਰੀਤ ਵਾਰ-ਵਾਰ ਉਸ ਨੂੰ ਫੋਨ ਕਰ ਰਿਹਾ ਸੀ, ਜਿਸ ਕਾਰਨ ਦੋਵਾਂ ਵਿਚਾਲੇ ਤਕਰਾਰ ਹੋ ਗਈ। ਬਹਿਸ ਦੌਰਾਨ ਗੁੱਸੇ ਵਿਚ ਆ ਕੇ ਲੜਕੀ ਨੇ ਮਨਪ੍ਰੀਤ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚਾਕੂ ਦਾ ਵਾਰ ਮਨਪ੍ਰੀਤ ਦੇ ਲੀਵਰ ਦੇ ਨੇੜੇ ਲੱਗਿਆ ਹੈ, ਜਿਸ ਕਾਰਨ ਉਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ।
;
;
;
;
;
;
;