ਭਤੀਜੇ ਵਲੋਂ ਗੋਲੀਆਂ ਮਾਰ ਕੇ ਅਗਵਾ ਕੀਤੇ ਚਾਚੇ ਰਾਹੁਲ ਮਲਿਕ ਦੀ ਮੌਤ ਮੁਲਜ਼ਮ ਹਰਿਆਣਾ ਤੋਂ ਗ੍ਰਿਫ਼ਤਾਰ
ਡੇਰਾਬੱਸੀ/ਲਾਲੜੂ, 18 ਜੂਨ (ਰਣਬੀਰ ਸਿੰਘ ਪੜ੍ਹੀ/ਰਾਜਬੀਰ ਸਿੰਘ)- ਲਾਲੜੂ ਦੇ ਨਜ਼ਦੀਕੀ ਪਿੰਡ ਘੋਲੂਮਾਜਰਾ ਵਿਖੇ ਬੀਤੀ ਸ਼ਾਮ ਇਕ ਕਾਰੋਬਾਰੀ ਦੇ ਅੰਦਰੂਨੀ ਵਿਵਾਦ ਨੂੰ ਲੈ ਕੇ ਸਕੇ ਭਤੀਜੇ ਵਲੋਂ ਆਪਣੇ ਹੀ ਚਾਚੇ 'ਤੇ ਤਾਬੜਤੋੜ ਗੋਲੀਆਂ ਚਲਾ ਕੇ ਉਸ ਨੂੰ ਗੱਡੀ ਵਿਚ ਅਗਵਾ ਕਰਕੇ ਫਰਾਰ ਹੋਣ ਦੇ ਮਾਮਲੇ ਵਿਚ ਇਕ ਵੱਡੀ ਅਤੇ ਸਨਸਨੀਖੇਜ਼ ਅਪਡੇਟ ਸਾਹਮਣੇ ਆਈ ਹੈ। ਗੋਲੀਆਂ ਲੱਗਣ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋਏ ਚਾਚਾ ਰਾਹੁਲ ਮਲਿਕ (ਉਮਰ 45 ਸਾਲ) ਦੀ ਮੌਤ ਹੋ ਚੁੱਕੀ ਹੈ, ਜਦਕਿ ਮੁਸਤੈਦ ਪੁਲਿਸ ਨੇ ਫਰਾਰ ਮੁਲਜ਼ਮ ਭਤੀਜੇ ਸਾਹਿਲ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕਰ ਲਈ ਹੈ। ਰਾਹੁਲ ਮਲਿਕ ਐਸ.ਬੀ.ਪੀ. ਡੇਰਾਬੱਸੀ ਦਾ ਰਹਿਣ ਵਾਲਾ ਸੀ ਅਤੇ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਸੀ।
ਜਾਣਕਾਰੀ ਮੁਤਾਬਕ ਇਹ ਖ਼ੂਨੀ ਵਾਰਦਾਤ ਘੋਲੂਮਾਜਰਾ ਸਥਿਤ 'ਜੈ ਅੰਬੇ ਪਲਾਈ ਵੁਡ ਹਾਰਡਵੇਅਰ ਐਂਡ ਕੰਸਟਰਕਸ਼ਨ ਪ੍ਰਾਈਵੇਟ ਲਿਮਿਟਡ' ਦੇ ਦਫ਼ਤਰ ਵਿਖੇ ਬੀਤੀ ਸ਼ਾਮ ਕਰੀਬ ਪੌਣੇ ਅੱਠ ਵਜੇ ਦੇ ਆਸ-ਪਾਸ ਵਾਪਰੀ ਸੀ, ਜਿਥੇ ਘਰੇਲੂ ਵਿਵਾਦ ਨੂੰ ਲੈ ਕੇ ਬਹਿਸ ਇੰਨੀ ਵਧ ਗਈ ਕਿ ਮੁਲਜ਼ਮ ਸਾਹਿਲ ਨੇ ਪਿਸਤੌਲ ਕੱਢ ਕੇ ਚਾਚੇ ’ਤੇ ਗੋਲੀਆਂ ਚਲਾ ਦਿੱਤੀਆਂ। ਵਾਰਦਾਤ ਤੋਂ ਤੁਰੰਤ ਬਾਅਦ ਮੁਲਜ਼ਮ ਆਪਣੇ ਖੂਨ ਨਾਲ ਲੱਥਪੱਥ ਚਾਚੇ ਨੂੰ ਖੁਦ ਹੀ ਗੱਡੀ ਵਿਚ ਪਾ ਕੇ ਅਤੇ ਮੌਕੇ ਤੋਂ ਸੀ.ਸੀ.ਟੀ.ਵੀ. ਕੈਮਰੇ ਦੀ ਡੀ.ਵੀ.ਆਰ. ਕੱਢ ਕੇ ਫਰਾਰ ਹੋ ਗਿਆ ਸੀ।
ਵਾਰਦਾਤ ਤੋਂ ਬਾਅਦ ਡੇਰਾਬੱਸੀ ਅਤੇ ਲਾਲੜੂ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਕਾਰਵਾਈ ਸ਼ੁਰੂ ਕੀਤੀ। ਮੁਲਜ਼ਮ ਸਾਹਿਲ ਵਾਰਦਾਤ ਨੂੰ ਅੰਜ਼ਾਮ ਦੇ ਕੇ ਅੰਬਾਲਾ ਦੇ ਰਸਤੇ ਹਰਿਆਣਾ ਵੱਲ ਭੱਜਣ ਦੀ ਫਿਰਾਕ ਵਿਚ ਸੀ। ਪੁਲਿਸ ਵਲੋਂ ਇਕ ਟੋਲ ਟੈਕਸ ਤੋਂ ਬਾਅਦ ਲਗਾਤਾਰ ਉਸ ਦੀ ਗੱਡੀ ਦੀ ਲੋਕੇਸ਼ਨ ਨੂੰ ਅੱਗੇ ਸਾਂਝਾ ਕੀਤਾ ਗਿਆ, ਜਿਸ ਮਗਰੋਂ ਪੰਜਾਬ ਪੁਲਿਸ ਦੀ ਸੂਚਨਾ 'ਤੇ ਹਰਿਆਣਾ ਪੁਲਿਸ ਨੂੰ ਵੀ ਅਲਰਟ ਕਰ ਦਿੱਤਾ ਗਿਆ। ਆਖਰਕਾਰ ਸਾਂਝੇ ਅਭਿਆਨ ਦੌਰਾਨ ਪੁਲਿਸ ਨੇ ਮੁਲਜ਼ਮ ਸਾਹਿਲ ਨੂੰ ਕਾਬੂ ਕਰ ਲਿਆ ਅਤੇ ਵਾਰਦਾਤ ਵਿਚ ਵਰਤੀ ਗਈ ਗੱਡੀ ਵੀ ਰਿਕਵਰ ਕਰ ਲਈ ਹੈ।
ਪਤਾ ਲੱਗਿਆ ਹੈ ਕਿ ਇਹ ਪਰਿਵਾਰ ਮੂਲ ਰੂਪ ਵਿਚ ਪਾਣੀਪਤ (ਹਰਿਆਣਾ) ਦਾ ਰਹਿਣ ਵਾਲਾ ਹੈ। ਮੁਲਜ਼ਮ ਭਤੀਜਾ ਆਪਣੇ ਚਾਚੇ ਨੂੰ ਜਿਸ ਹਾਲਤ ਵਿਚ ਲੈ ਕੇ ਗਿਆ ਸੀ, ਉਸ ਦੌਰਾਨ ਜ਼ਿਆਦਾ ਖੂਨ ਵਹਿ ਜਾਣ ਕਾਰਨ ਰਾਹੁਲ ਮਲਿਕ ਦੀ ਮੌਤ ਹੋ ਗਈ। ਮ੍ਰਿਤਕ ਦੇ ਦੋ ਗੋਲੀਆਂ ਲੱਗੀਆ ਹਨ।ਇਸ ਵੇਲੇ ਰਾਹੁਲ ਮਲਿਕ ਦੀ ਮ੍ਰਿਤਕ ਦੇਹ ਪਾਣੀਪਤ ਦੇ ਸਿਵਲ ਹਸਪਤਾਲ ਵਿਖੇ ਰੱਖੀ ਗਈ ਹੈ। ਇਸ ਰੂਹ ਕੰਬਾਊ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਕਾਨੂੰਨੀ ਕਾਰਵਾਈ ਤੇਜ਼ੀ ਨਾਲ ਅਮਲ ਵਿਚ ਲਿਆਂਦੀ ਜਾ ਰਹੀ ਹੈ।
;
;
;
;
;
;
;
;