JALANDHAR WEATHER

ਝੋਨੇ ਦੀ ਲਵਾਈ ਦੇ ਸੀਜ਼ਨ ਵਿਚ ਕਿਸਾਨ ਪ੍ਰੇਸ਼ਾਨ

ਮੰਡੀ ਘੁਬਾਇਆ (ਫ਼ਾਜ਼ਿਲਕਾ), 29 ਜੂਨ (ਅਮਨ ਬਵੇਜਾ)- ਪੰਜਾਬ ਸਰਕਾਰ ਵਲੋਂ ਖੇਤੀਬਾੜੀ ਲਈ ਮੋਟਰਾਂ ਨੂੰ ਰੋਜ਼ਾਨਾ ਅੱਠ ਘੰਟੇ ਬਿਜਲੀ ਸਪਲਾਈ ਦੇਣ ਦੇ ਕੀਤੇ ਜਾ ਰਹੇ ਦਾਅਵੇ ਕਈ ਇਲਾਕਿਆਂ ਵਿਚ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਨਜ਼ਰ ਆ ਰਹੇ ਹਨ। ਝੋਨੇ ਦੀ ਲਵਾਈ ਦੇ ਸਭ ਤੋਂ ਅਹਿਮ ਸੀਜ਼ਨ ਦੌਰਾਨ ਕਿਸਾਨਾਂ ਨੂੰ ਲੋੜੀਂਦੀ ਬਿਜਲੀ ਨਾ ਮਿਲਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਣਐਲਾਨੇ ਬਿਜਲੀ ਕੱਟਾਂ ਕਾਰਨ ਖੇਤਾਂ ਵਿਚ ਪਾਣੀ ਦੀ ਕਮੀ ਬਣੀ ਹੋਈ ਹੈ, ਜਿਸ ਨਾਲ ਝੋਨੇ ਦੀ ਲਵਾਈ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ।| ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਭਾਵੇਂ ਅੱਠ ਘੰਟੇ ਬਿਜਲੀ ਦੇਣ ਦੀ ਗੱਲ ਕੀਤੀ ਜਾਂਦੀ ਹੈ, ਪਰ ਹਕੀਕਤ ਵਿਚ ਕਈ ਥਾਵਾਂ ਤੇ ਬਿਜਲੀ ਪੂਰੇ ਸਮੇਂ ਲਈ ਨਹੀਂ ਮਿਲਦੀ। ਕਈ ਵਾਰ ਬਿਜਲੀ ਦੇਰ ਨਾਲ ਆਉਂਦੀ ਹੈ ਜਾਂ ਵਿਚਕਾਰ ਹੀ ਬੰਦ ਹੋ ਜਾਂਦੀ ਹੈ, ਜਿਸ ਕਾਰਨ ਮੋਟਰਾਂ ਚਲਾਉਣ ਅਤੇ ਖੇਤਾਂ ਵਿਚ ਪਾਣੀ ਪਹੁੰਚਾਉਣ ਦਾ ਕੰਮ ਪ੍ਰਭਾਵਿਤ ਹੁੰਦਾ ਹੈ।|

ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਲਵਾਈ ਦੌਰਾਨ ਪਾਣੀ ਦੀ ਲਗਾਤਾਰ ਲੋੜ ਹੁੰਦੀ ਹੈ। ਜੇਕਰ ਸਮੇਂ ਸਿਰ ਸਿੰਚਾਈ ਨਾ ਹੋਵੇ ਤਾਂ ਲਗਾਈ ਹੋਈ ਪਨੀਰੀ ਸੁੱਕਣ ਦਾ ਖ਼ਤਰਾ ਬਣ ਜਾਂਦਾ ਹੈ, ਜਿਸ ਨਾਲ ਫ਼ਸਲ ਦੇ ਝਾੜ ਤੇ ਵੀ ਮਾੜਾ ਅਸਰ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਅਨਿਯਮਿਤ ਸਪਲਾਈ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਕਿਸਾਨ ਜਥੇਬੰਦੀਆਂ ਅਤੇ ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ ਨਿਰਵਿਘਨ ਅਤੇ ਪੂਰੇ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਬਿਜਲੀ ਸਪਲਾਈ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਇਸ ਦਾ ਸਿੱਧਾ ਅਸਰ ਝੋਨੇ ਦੀ ਪੈਦਾਵਾਰ ਅਤੇ ਕਿਸਾਨਾਂ ਦੀ ਆਰਥਿਕ ਹਾਲਤ ਤੇ ਪਵੇਗਾ।

ਉੱਧਰ ਕਿਸਾਨਾਂ ਨੇ ਕਿਹਾ ਕਿ ਜੇਕਰ ਬਿਜਲੀ ਦੀ ਸਪਲਾਈ ਵਿਚ ਸੁਧਾਰ ਨਾ ਕੀਤਾ ਗਿਆ ਤਾਂ 30 ਜੂਨ ਨੂੰ ਫਾਜਿ਼ਲਕਾ ਫਿਰੋਜ਼ਪੁਰ ਰੋਡ ਨੂੰ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਉਧਰ ਬਿਜਲੀ ਦੀ ਨਿਰਵਿਘਨ ਸਪਲਾਈ ਲਈ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ 1912 ਹੈਲਪਲਾਈਨ ਨੰਬਰ ਤੇ ਸਵਾਲ ਚੁੱਕਦਿਆਂ ਇਲਾਕੇ ਦੇ ਐਡਵੋਕੇਟ ਕਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਇਸ ਹੈਲਪਲਾਈਨ ਨੰਬਰ ਦਾ ਵੀ ਕੋਈ ਵੱਡਾ ਫਾਇਦਾ ਨਹੀਂ ਹੈ। ਇਸ ਨੰਬਰ ਤੇ ਕੀਤੀ ਗਈ ਸਿ਼ਕਾਇਤ ਨੂੰ ਆਪਣੇ ਆਪ ਹੀ ਹੱਲ ਕਰ ਦਿੱਤਾ ਜਾਂਦਾ ਹੈ ਜਦ ਕਿ ਸਮੱਸਿਆ ਹੱਲ ਹੀ ਨਹੀਂ ਹੋਈ ਹੁੰਦੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਇਸ ਨੰਬਰ ਦਾ ਬੋਝ ਪਾਉਣ ਦੀ ਬਜਾਏ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਜਲੰਧਰ

ਅਜੀਤ ਟੀ ਵੀ