JALANDHAR WEATHER

ਤਿੰਨ ਬੱਚਿਆਂ ਦੀ ਮਾਂ ’ਤੇ ਜਵਾਕਾਂ ਨੂੰ ਨਹਿਰ ’ਚ ਸੁੱਟਣ ਦਾ ਦੋਸ਼,ਦੋ ਪੁੱਤਰਾਂ ਤੇ ਧੀ ਦੀ ਮੌਤ

ਐੱਸ.ਏ.ਐੱਸ. ਨਗਰ, 30 ਜੂਨ (ਕਪਿਲ ਵਧਵਾ)- ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਿਚ ਤਿੰਨ ਬੱਚਿਆਂ ਦੀ ਮਾਂ ਵਲੋਂ ਆਪਣੇ ਮਾਸੂਮ ਬੱਚਿਆਂ ਨੂੰ ਰੋਪੜ ਨਹਿਰ ਵਿਚ ਕਥਿਤ ਤੌਰ ’ਤੇ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿਚ 10 ਸਾਲਾ ਤਪਿਸ਼, 7 ਸਾਲਾ ਤਨਵੀ ਅਤੇ 4 ਸਾਲਾ ਨਿਤਿਨ ਦੀ ਮੌਤ ਹੋ ਗਈ। ਮਾਮਲੇ ਨੇ ਉਸ ਵੇਲੇ ਹੋਰ ਵੀ ਗੰਭੀਰ ਰੂਪ ਧਾਰ ਲਿਆ ਜਦੋਂ ਮ੍ਰਿਤਕ ਬੱਚਿਆਂ ਦੀ ਮਾਂ ਸ਼ਕੁੰਤਲਾ ਉਰਫ਼ ਸੁਮਨ ਦੇ ਸੱਸ-ਸਹੁਰੇ ਨੇ ਦੋਸ਼ ਲਗਾਇਆ ਕਿ ਉਹ ਪਹਿਲਾਂ ਤੋਂ ਹੀ ਬੱਚਿਆਂ ਨੂੰ ਮਾਰਨਾ ਚਾਹੁੰਦੀ ਸੀ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ 10 ਮਹੀਨੇ ਪਹਿਲਾਂ ਸ਼ਕੁੰਤਲਾ ਦੇ ਪਤੀ ਕਮਲ ਨੇ ਵੀ ਖੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਪਰਿਵਾਰ ਮੁਸ਼ਕਿਲ ਦੌਰ ਵਿਚੋਂ ਲੰਘ ਰਿਹਾ ਸੀ।

ਸੱਸ-ਸਹੁਰੇ ਨੇ ਦੋਸ਼ ਲਗਾਇਆ ਕਿ ਸ਼ਕੁੰਤਲਾ ਦਾ ਵਿਵਹਾਰ ਕਾਫ਼ੀ ਸਮੇਂ ਤੋਂ ਸ਼ੱਕੀ ਸੀ ਅਤੇ ਉਹ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਗੱਲਾਂ ਕਰਦੀ ਰਹਿੰਦੀ ਸੀ। ਦੂਜੇ ਪਾਸੇ ਮੁਹੱਲੇ ਦੇ ਲੋਕਾਂ ਅਤੇ ਕੁਝ ਪਰਿਵਾਰਕ ਜਾਣਕਾਰਾਂ ਦਾ ਕਹਿਣਾ ਹੈ ਕਿ ਉਹ ਇਸ ਗੱਲ 'ਤੇ ਯਕੀਨ ਨਹੀਂ ਕਰਦੇ ਕਿ ਸ਼ਕੁੰਤਲਾ ਨੇ ਖੁਦ ਵੀ ਨਹਿਰ ਵਿਚ ਛਾਲ ਮਾਰੀ ਹੋਵੇਗੀ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਮਾਮਲੇ ਦੀ ਹਰ ਪੱਖ ਤੋਂ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਅਸਲ ਸੱਚ ਸਾਹਮਣੇ ਆ ਸਕੇ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਘਟਨਾ ਨਾਲ ਜੁੜੇ ਸਾਰੇ ਤੱਥਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਘਟਨਾ ਦੇ ਅਸਲ ਕਾਰਨਾਂ ਬਾਰੇ ਸਪੱਸ਼ਟ ਤਸਵੀਰ ਸਾਹਮਣੇ ਆ ਸਕੇਗੀ।

ਇਸ ਮਾਮਲੇ ਸੰਬੰਧੀ ਡੀ.ਐਸ.ਪੀ. ਸਿਟੀ-1 ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਦਿਨੀਂ ਇਸ ਘਟਨਾ ਬਾਰੇ ਸੂਚਨਾ ਮਿਲੀ ਹੈ ਅਤੇ ਸ਼ੁਰੂਆਤੀ ਜਾਂਚ ਉਪਰੰਤ ਪੁਲਿਸ ਪਾਰਟੀ ਨੂੰ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰਨ ਲਈ ਰੋਪੜ ਵਿਖੇ ਭੇਜ ਦਿੱਤਾ ਗਿਆ ਹੈ, ਜਿਥੋਂ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਅਤੇ ਤੀਜੇ ਦੀ ਭਾਲ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ