ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਕੇ ਭਾਰਤੀ ਸਿੱਖ ਸ਼ਰਧਾਲੂ ਪਾਕਿਸਤਾਨ ਤੋਂ ਵਤਨ ਪਰਤੇ
ਅਟਾਰੀ ਸਰਹੱਦ,(ਅੰਮ੍ਰਿਤਸਰ), 30 ਜੂਨ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)- ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਹਰ ਸਾਲ ਦੀ ਤਰ੍ਹਾਂ ਬਰਸੀ ਮਨਾਉਣ ਉਪਰੰਤ ਭਾਰਤੀ ਸਿੱਖ ਸ਼ਰਧਾਲੂਆਂ ਦਾ 343 ਮੈਂਬਰੀ ਜੱਥਾ ਪਾਕਿਸਤਾਨ ਤੋਂ ਅਟਾਰੀ ਵਾਹਗਾ ਸਰਹੱਦ ਰਸਤੇ ਭਾਰਤ ਪਰਤ ਆਇਆ ਹੈ I 21 ਜੂਨ ਨੂੰ ਭਾਰਤ ਤੋਂ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਨੇ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਰਾਵਲਪਿੰਡੀ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ, ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਅਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਦਰਸ਼ਨ ਦੀਦਾਰੇ ਕੀਤੇ ਹਨ, ਸਿੱਖ ਜਥੇ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਕਮੇਟੀ ਦੇ ਤਰਨ ਤਾਰਨ ਪੱਟੀ ਤੋਂ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ, ਮੈਂਬਰ ਹਰਜਿੰਦਰ ਕੌਰ ਪੱਟੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 29 ਜੂਨ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਨਜ਼ਦੀਕ ਸਮਾਧ ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਪਾਕਿਸਤਾਨ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅਥਾਹ ਸ਼ਰਧਾ ਨਾਲ ਮਨਾਈ ਗਈ।
ਉਨ੍ਹਾਂ ਦੱਸਿਆ ਕਿ ਪਾਕਿਸਤਾਨ ਯਾਤਰਾ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਚੂੜਕਾਣਾ ਸ਼ਹਿਰ ਵਿਖੇ ਪੁਰਾਤਨ ਗੁਰਦੁਆਰਾ ਸਿੰਘ ਸਭਾ ਜੋ ਕਿ ਮੁਸਲਮਾਨ ਪਰਿਵਾਰ ਦੇ ਕਬਜ਼ੇ ਅਧੀਨ ਸੀ ਤੇ ਕਬਜ਼ੇ ਦੀ ਨੀਅਤ ਨਾਲ ਉਸ ਵਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਢਹਿ ਢੇਰੀ ਕੀਤੇ ਜਾਣ ਦਾ ਮਸਲਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਤੇ ਪਾਕਿਸਤਾਨ ਬੋਰਡ ਦੇ ਅਧਿਕਾਰੀਆਂ ਕੋਲ ਉਠਾਇਆ ਗਿਆ ਹੈ ਤੇ ਪਾਕਿਸਤਾਨ ਪੰਜਾਬ ਦੀ ਸਰਕਾਰ ਵਲੋਂ ਇਸ ਸਬੰਧੀ ਇਕ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਸਹੀ ਤੱਥ ਸਾਹਮਣੇ ਆ ਸਕਣ।
ਵਤਨ ਪਰਤੇ ਭਾਰਤੀ ਸਿੱਖ ਸ਼ਰਧਾਲੂਆਂ ਵਿੱਚ ਇਹ ਪੰਜਾਬ, ਦਿੱਲੀ, ਹਰਿਆਣਾ, ਜੰਮੂ ਸਿੱਖ ਸ਼ਰਧਾਲੂ ਇਸ ਜੱਥੇ ਵਿਚ ਸ਼ਾਮਿਲ ਸਨ ਜੋ ਆਪਣੇ ਵਤਨ ਪਰਤ ਆਏ ਹਨ। ਭਾਰਤੀ ਸਿੱਖ ਸ਼ਰਧਾਲੂਆਂ ਲਈ ਅਟਾਰੀ ਸਰਹੱਦ ਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਵਲੋਂ ਲੰਗਰ ਤੇ ਚਾਹ ਪਾਣੀ ਦਾ ਪ੍ਰਬੰਧ ਵਿਸ਼ੇਸ਼ ਤੌਰ ਤੇ ਕੀਤਾ ਗਿਆ। ਇਸ ਦੌਰਾਨ ਆਈ.ਸੀ.ਪੀ. ਅਟਾਰੀ ਸਰਹੱਦ ਤੇ ਐਲ.ਪੀ.ਆਈ. ਦੇ ਮੈਨੇਜਰ ਸੂਰਜ ਭਾਨ, ਭਾਰਤੀ ਇਮੀਗ੍ਰੇਸ਼ਨ ਭਾਰਤੀ ਕਸਟਮ ਅਤੇ ਬੀ.ਐਸ.ਐਫ. ਵਲੋਂ ਗਰਮੀ ਦੇ ਮੱਦੇਨਜ਼ਰ ਸਿੱਖ ਸ਼ਰਧਾ ਲਵਾਉਣ ਲਈ ਪੁਖਤੇ ਪ੍ਰਬੰਧ ਕੀਤੇ ਗਏ ਸਨ I
;
;
;
;
;
;
;
;
;