ਸੁਨਾਮ ਦੇ ਅੰਡਰ ਬ੍ਰਿਜ ਵਿਚ ਪਾਣੀ ਭਰਨ ਕਾਰਨ ਰਸਤਾ ਹੋਇਆ ਬੰਦ
ਸੁਨਾਮ ਊਧਮ ਸਿੰਘ ਵਾਲਾ, 2 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਬੀਤੀ ਰਾਤ ਜਿੱਥੇ ਪਏ ਭਰਵੇਂ ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਖਿੜ ਗਏ ਉੱਥੇ ਹੀ ਤੇਜ਼ ਝੱਖੜ ਤੇ ਹਨੇਰੀ ਆਉਣ ਕਾਰਨ ਬਿਜਲੀ ਗੁੱਲ ਹੋ ਗਈ ਅਤੇ ਲੋਕ ਰਾਤ ਭਰ ਹੈਰਾਨ ਹੁੰਦੇ ਰਹੇ। ਮੀਂਹ ਕਾਰਨ ਸਥਾਨਕ ਨਵੀਂ ਅਨਾਜ ਮੰਡੀ, ਸਬਜੀ ਮੰਡੀ, ਇੰਦਰਾ ਬਸਤੀ, ਪਾਵਰਕਾਮ ਦਫ਼ਤਰ, ਮਾਰਕਿਟ ਕਮੇਟੀ ਦਫ਼ਤਰ ਅਤੇ ਕਚਹਿਰੀਆਂ ਦੇ ਨਾਲ-ਨਾਲ ਸੁਨਾਮ ਸ਼ਹਿਰ ਦੀਆਂ ਕੁਝ ਸੜਕਾਂ ਤੇ ਪਾਣੀ ਖੜ੍ਹ ਗਿਆ। ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਕਾਫੀ ਦਿੱਕਤ ਆਈ। ਇਸਦੇ ਨਾਲ ਹੀ ਸਥਾਨਕ ਮੋਦੀ ਮਿੱਲ ਵਾਲਾ ਅੰਡਰ ਬ੍ਰਿਜ ਵੀ ਮੀਂਹ ਦੇ ਪਾਣੀ ਨਾਲ ਭਰ ਗਿਆ।
ਜਿਸ ਕਾਰਨ ਰਸਤਾ ਬੰਦ ਹੋ ਗਿਆ ਅਤੇ ਲੋਕਾਂ ਨੂੰ ਬਾਬਾ ਭਾਈ ਮੂਲ ਚੰਦ ਸਾਹਿਬ ਨੇੜਲੇ ਰੇਲਵੇ ਫਾਟਕ ਜ਼ਰੀਏ ਆਉਣ-ਜਾਣ ਲਈ ਮਜ਼ਬੂਰ ਹੋਣਾ ਪਿਆ। ਮੀਂਹ ਕਾਰਨ ਜਿੱਥੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਭਾਰੀ ਰਾਹਤ ਮਿਲੀ ਹੈ ਉੱਥੇ ਹੀ ਬਿਜਲੀ ਦੇ ਕੱਟਾਂ ਨੂੰ ਲੈ ਕੇ ਖੇਤੀਬਾੜੀ ਟਿਊਬਵੈਲਾਂ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਨਾਂ ਮਿਲਣ ਕਾਰਨ ਖੱਜਲ-ਖੁਵਾਰ ਹੋ ਰਹੇ ਕਿਸਾਨਾਂ ਨੂੰ ਵੀ ਸੁੱਖ ਦਾ ਸਾਹ ਮਿਲਿਆ ਹੈ।
;
;
;
;
;
;
;
;