ਪਿੰਡ ਹਿੰਮਤਗੜ੍ਹ ਵਾਸੀਆਂ 'ਚ ਐੱਸ.ਆਈ.ਆਰ 'ਚ ਐਡਰੈੱਸ ਬਦਲਣ ਕਾਰਨ ਰੋਸ, ਐਸ.ਡੀ.ਐਮ. ਨੂੰ ਦਿੱਤੀ ਸ਼ਿਕਾਇਤ
ਜ਼ੀਰਕਪੁਰ, 3 ਜੁਲਾਈ (ਹੈਪੀ ਪੰਡਵਾਲਾ)- ਭਾਰਤੀ ਚੋਣ ਕਮਿਸ਼ਨ ਵਲੋਂ ਚਲਾਈ ਜਾ ਰਹੀ ਐੱਸ.ਆਈ.ਆਰ ਦੌਰਾਨ ਪਤਿਆਂ 'ਚ ਕਥਿਤ ਗੜਬੜ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ੀਰਕਪੁਰ ਦੇ ਪਿੰਡ ਹਿਮਤਗੜ੍ਹ ਢਕੋਲਾ ਦੇ ਵਾਸੀਆਂ ਨੇ ਅੱਜ ਐੱਸ.ਡੀ.ਐੱਮ. ਡੇਰਾਬੱਸੀ ਦਫ਼ਤਰ ਪਹੁੰਚ ਕੇ ਲਿਖਤੀ ਸ਼ਿਕਾਇਤ ਦਿੱਤੀ ਅਤੇ ਦੋਸ਼ ਲਗਾਇਆ ਕਿ ਐੱਸ.ਆਈ.ਆਰ ਦੀਆਂ ਡਿਜਿਟਲ ਐਂਟਰੀਆਂ 'ਚ ਉਨ੍ਹਾਂ ਦੇ ਪਤੇ ਗਲਤ ਦਰਜ ਕਰ ਦਿੱਤੇ ਗਏ ਹਨ।
ਸ਼ਿਕਾਇਤਕਰਤਾਵਾਂ ਸਾਬਕਾ ਸਰਪੰਚ ਜਗਦੇਵ ਸਿੰਘ, ਹਰਬੰਸ ਸਿੰਘ, ਗੁਰਮੇਲ ਸਿੰਘ, ਇੰਦਰਜੀਤ ਸਿੰਘ, ਪਰਮਿੰਦਰ ਸਿੰਘ, ਬਲਵਿੰਦਰ ਸਿੰਘ, ਕਰਨੈਲ ਸਿੰਘ, ਸ਼ੇਰ ਸਿੰਘ ਤੇ ਗੁਰਮਿੰਦਰ ਸਿੰਘ ਸਮੇਤ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਜੱਦੀ ਤੌਰ ਤੇ ਪਿੰਡ ਹਿਮਤਗੜ੍ਹ ਢਕੋਲਾ ਦੇ ਵਸਨੀਕ ਹਨ ਪਰ ਉਨ੍ਹਾਂ ਦੇ ਐੱਸ.ਆਈ.ਆਰ ਗਣਨਾ ਫਾਰਮ ਵਿਚ ਪਤੇ ਸਿਟੀ ਜ਼ੀਰਕਪੁਰ ਦਰਜ ਕੀਤੇ ਗਏ ਹਨ ਜਦਕਿ ਪਿੰਡ ਵਿਚ ਰਹਿੰਦੇ ਬਾਹਰੀ ਲੋਕਾਂ ਜੋ ਕਿਰਾਏਦਾਰ ਦੇ ਤੌਰ 'ਤੇ ਰਹਿੰਦੇ ਹਨ ਦੇ ਪਤੇ ਹਿੰਮਤਗੜ੍ਹ ਢਕੋਲਾ ਹੀ ਲਿਖੇ ਗਏ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਪੁਰਾਣੇ ਵੋਟਰ ਕਾਰਡ 'ਚ ਜੋ ਪਤੇ ਹਨ ਉਹ ਪਿੰਡ ਹਿਮਤਗੜ੍ਹ ਢਕੋਲਾ ਹੀ ਹੈ।
ਉਨ੍ਹਾਂ ਕਿਹਾ ਕਿ ਗਲਤ ਪਤਿਆਂ ਕਾਰਨ ਉਨ੍ਹਾਂ ਨੂੰ ਭਵਿੱਖ ਵਿਚ ਸਰਕਾਰੀ ਕੰਮਾਂ ਅਤੇ ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣ 'ਚ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਗਲਤੀਆਂ ਤੁਰੰਤ ਠੀਕ ਕਰਕੇ ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇ। ਇਸ ਬਾਬਤ ਐਸ.ਡੀ.ਐਮ. ਡੇਰਾਬੱਸੀ ਅਮਿਤ ਗੁਪਤਾ ਨੇ ਕਿਹਾ ਕਿ ਉਹ ਫਾਰਮ ਨੰਬਰ 8 ਭਰ ਕੇ ਜਮਾ ਕਰਵਾਉਣ ਤਾਂ ਉਨ੍ਹਾਂ ਦੇ ਸਹੀ ਪਤੇ ਉਸ ਹਿਸਾਬ ਨਾਲ ਬਦਲ ਦੇਵਾਂਗੇ।
;
;
;
;
;
;
;
;
;