JALANDHAR WEATHER

ਜਗਰਾਉਂ ਰੇਲਵੇ ਸਟੇਸ਼ਨ ’ਤੇ ਬੱਚੇ ਦੇ ਅਗਵਾ ਹੋਣ ਦੀ ਅਫ਼ਵਾਹ

ਜਗਰਾਉਂ, 4 ਜੁਲਾਈ (ਕੁਲਦੀਪ ਸਿੰਘ ਲੋਹਟ)- ਜਗਰਾਉਂ ਰੇਲਵੇ ਸਟੇਸ਼ਨ ’ਤੇ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਇਕ ਵਿਅਕਤੀ ’ਤੇ ਬੱਚੇ ਨੂੰ ਅਗਵਾ ਕਰਕੇ ਲਿਜਾਣ ਦਾ ਸ਼ੱਕ ਜਤਾਉਂਦਿਆਂ ਲੋਕਾਂ ਨੇ ਰੌਲਾ ਪਾ ਦਿੱਤਾ। ਵੇਖਦੇ ਹੀ ਵੇਖਦੇ ਮਾਮਲਾ ਇੰਨਾਂ ਭਖ ਗਿਆ ਕਿ ਰੇਲਵੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਵਿਅਕਤੀ ਨੂੰ ਬੱਚੇ ਸਮੇਤ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ।

ਘਟਨਾ ਦੌਰਾਨ ਕੁਝ ਲੋਕਾਂ ਨੇ ਬੱਚੇ ਨੂੰ ਗੋਦ ਵਿਚ ਚੁੱਕ ਕੇ ਲਿਜਾ ਰਹੇ ਵਿਅਕਤੀ ਦੀ ਤਸਵੀਰ ਅਤੇ ਇਕ ਆਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ, ਜਿਸ ਕਾਰਨ ਰੇਲਵੇ ਪੁਲਿਸ ਅਤੇ ਸਟੇਸ਼ਨ ’ਤੇ ਮੌਜੂਦ ਯਾਤਰੀਆਂ ਵਿਚ ਵੀ ਹੜਕੰਪ ਮਚ ਗਿਆ। ਹਾਲਾਂਕਿ ਰੇਲਵੇ ਪੁਲਿਸ ਦੀ ਡੂੰਘਾਈ ਨਾਲ ਕੀਤੀ ਜਾਂਚ ਦੌਰਾਨ ਇਹ ਸਾਰਾ ਮਾਮਲਾ ਮਹਿਜ਼ ਇਕ ਗਲਤਫ਼ਹਿਮੀ ਅਤੇ ਅਫ਼ਵਾਹ ਸਾਬਤ ਹੋਇਆ।

ਰੇਲਵੇ ਚੌਕੀ ਦੇ ਇੰਚਾਰਜ ਪ੍ਰਕਾਸ਼ ਚੰਦ ਨੇ ਦੱਸਿਆ ਕਿ ਸਵੇਰੇ ਲੁਧਿਆਣਾ ਤੋਂ ਫ਼ਿਰੋਜ਼ਪੁਰ ਜਾਣ ਵਾਲੀ ਰੇਲਗੱਡੀ ਦੇ ਆਉਣ ਸਮੇਂ ਇਕ ਵਿਅਕਤੀ ਆਪਣੇ ਛੋਟੇ ਬੱਚੇ ਨੂੰ ਗੋਦ ਵਿਚ ਚੁੱਕ ਕੇ ਰੇਲ ਫੜਨ ਲਈ ਤੇਜ਼ੀ ਨਾਲ ਪਲੇਟਫਾਰਮ ਵੱਲ ਦੌੜ ਰਿਹਾ ਸੀ। ਇਸ ਦੌਰਾਨ ਬੱਚਾ ਚਾਕਲੇਟ ਲੈਣ ਦੀ ਜ਼ਿੱਦ ਕਰਦਿਆਂ ਰੋਣ ਲੱਗ ਪਿਆ। ਆਸ-ਪਾਸ ਮੌਜੂਦ ਲੋਕਾਂ ਨੂੰ ਸ਼ੱਕ ਹੋਇਆ ਕਿ ਬੱਚਾ ਕਿਸੇ ਅਣਜਾਣ ਵਿਅਕਤੀ ਨਾਲ ਹੈ ਅਤੇ ਉਸਨੂੰ ਅਗਵਾ ਕੀਤਾ ਜਾ ਰਿਹਾ ਹੈ। ਲੋਕਾਂ ਵਲੋਂ ਰੌਲਾ ਪਾਉਣ ’ਤੇ ਮੌਕੇ ’ਤੇ ਮੌਜੂਦ ਰੇਲਵੇ ਪੁਲਿਸ ਨੇ ਤੁਰੰਤ ਵਿਅਕਤੀ ਨੂੰ ਰੋਕ ਕੇ ਹਿਰਾਸਤ ਵਿਚ ਲੈ ਲਿਆ।

ਪੁਲਿਸ ਨੇ ਕਰੀਬ ਦੋ ਘੰਟੇ ਤੱਕ ਵਿਅਕਤੀ ਅਤੇ ਬੱਚੇ ਨਾਲ ਸਬੰਧਤ ਸਾਰੇ ਤੱਥਾਂ ਦੀ ਜਾਂਚ ਅਤੇ ਤਸਦੀਕ ਕੀਤੀ। ਪੁੱਛਗਿੱਛ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਬੱਚਾ ਉਸੇ ਵਿਅਕਤੀ ਦਾ ਪੁੱਤਰ ਹੈ। ਅਸਲ ਵਿਚ ਪਿਤਾ ਰੇਲ ਛੁੱਟਣ ਦੇ ਡਰ ਕਾਰਨ ਕਾਹਲੀ ਵਿਚ ਦੌੜ ਰਿਹਾ ਸੀ, ਜਦਕਿ ਬੱਚਾ ਚਾਕਲੇਟ ਲੈਣ ਦੀ ਜ਼ਿੱਦ ਕਰ ਰਿਹਾ ਸੀ ਅਤੇ ਇਸੇ ਕਾਰਨ ਰੋ ਰਿਹਾ ਸੀ।

ਸਾਰੇ ਤੱਥਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਰੇਲਵੇ ਪੁਲਿਸ ਨੇ ਪਿਤਾ ਅਤੇ ਬੱਚੇ ਨੂੰ ਅਗਲੀ ਰੇਲਗੱਡੀ ਰਾਹੀਂ ਉਨ੍ਹਾਂ ਦੇ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ। ਚੌਕੀ ਇੰਚਾਰਜ ਪ੍ਰਕਾਸ਼ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੁਚੇਤ ਰਹਿਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ, ਪਰ ਕਿਸੇ ਵੀ ਘਟਨਾ ਦੀ ਪੂਰੀ ਸੱਚਾਈ ਜਾਣੇ ਬਿਨਾਂ ਉਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰਨਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਬੱਚੇ ਦੇ ਅਗਵਾ ਹੋਣ ਦੀ ਖ਼ਬਰ ਪੂਰੀ ਤਰ੍ਹਾਂ ਝੂਠੀ ਅਤੇ ਬੇਬੁਨਿਆਦ ਸੀ। ਭਵਿੱਖ ਵਿਚ ਇਸ ਤਰ੍ਹਾਂ ਦੀ ਕੋਈ ਵੀ ਸੂਚਨਾ ਮਿਲਣ ’ਤੇ ਪਹਿਲਾਂ ਪੁਲਿਸ ਤੋਂ ਪੁਸ਼ਟੀ ਜ਼ਰੂਰ ਕੀਤੀ ਜਾਵੇ, ਤਾਂ ਜੋ ਅਫ਼ਵਾਹਾਂ ਫੈਲਣ ਤੋਂ ਰੋਕਿਆ ਜਾ ਸਕੇ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ