ਡੇਰਾਬੱਸੀ ਦੇ ਨਿੱਜੀ ਹਸਪਤਾਲ 'ਚ ਬਜ਼ੁਰਗ ਮਹਿਲਾ ਦੀ ਮੌਤ ਤੋਂ ਬਾਅਦ ਹੰਗਾਮਾ, ਪਰਿਵਾਰ ਨੇ ਲਾਏ ਲਾਪਰਵਾਹੀ ਦੇ ਦੋਸ਼
ਡੇਰਾਬੱਸੀ, 5 ਜੁਲਾਈ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਅੰਬਾਲਾ ਚੰਡੀਗੜ੍ਹ ਹਾਈਵੇ ਤੇ ਜਵਾਹਰਪੁਰ ਵਿਖੇ ਸਥਿਤ ਇਕ ਨਿੱਜੀ ਹਸਪਤਾਲ ਵਿਖੇ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਐਮਰਜੰਸੀ ਵਿਚ ਜੇਰੇ ਇਲਾਜ ਇਕ ਬਜ਼ੁਰਗ ਮਹਿਲਾ ਦੀ ਅਚਾਨਕ ਮੌਤ ਹੋ ਗਈ। ਮਹਿਲਾ ਦੀ ਮੌਤ ਤੋਂ ਗੁੱਸੇ ਵਿਚ ਆਏ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਹਸਪਤਾਲ ਪ੍ਰਬੰਧਕਾਂ ਅਤੇ ਸਟਾਫ਼ ਖ਼ਿਲਾਫ਼ ਜੰਮ ਕੇ ਹੰਗਾਮਾ ਕੀਤਾ ਅਤੇ ਹਸਪਤਾਲ ਦੇ ਲਾਂਘਿਆਂ (ਕੋਰੀਡੋਰ) ਵਿੱਚ ਰੋ-ਰੋ ਕੇ ਆਪਣਾ ਰੋਸ ਪ੍ਰਗਟਾਇਆ।
ਮ੍ਰਿਤਕ ਮਹਿਲਾ ਦੀ ਪਹਿਚਾਣ ਬ੍ਰਿਜਬਾਲਾ ਮਲਹੋਤਰਾ 80 ਵਾਸੀ ਜ਼ੀਰਕਪੁਰ ਦੇ ਤੌਰ ਤੇ ਹੋਈ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਹੈ। ਪਰਿਵਾਰ ਦੀ ਸ਼ਿਕਾਇਤ ਮਿਲਣ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਮਹਿਲਾ ਦੇ ਪੁੱਤਰ ਵਿਸ਼ਾਲ ਮਲਹੋਤਰਾ ਵਾਸੀ ਡੇਰਾਬੱਸੀ ਸਮੇਤ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਐਤਵਾਰ ਦਾ ਦਿਨ ਹੋਣ ਕਾਰਨ ਹਸਪਤਾਲ ਵਿੱਚ ਕੋਈ ਵੀ ਸਪੈਸ਼ਲਿਸਟ (ਮਾਹਰ) ਡਾਕਟਰ ਮੌਜੂਦ ਨਹੀਂ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਮਰੀਜ਼ ਨੂੰ ਹਸਪਤਾਲ ਲੈ ਕੇ ਆਏ ਸਨ ਤਾਂ ਉਨ੍ਹਾਂ ਦੀ ਹਾਲਤ ਬਿਲਕੁਲ ਸਥਿਰ ਸੀ, ਪਰ ਮੌਕੇ 'ਤੇ ਕਿਸੇ ਯੋਗ ਡਾਕਟਰ ਦੇ ਨਾ ਹੋਣ ਅਤੇ ਸਹੀ ਸਮੇਂ 'ਤੇ ਸਹੀ ਇਲਾਜ ਨਾ ਮਿਲਣ ਕਾਰਨ ਬਜ਼ੁਰਗ ਮਹਿਲਾ ਨੇ ਦਮ ਤੋੜ ਦਿੱਤਾ।
ਪੀੜਤ ਪਰਿਵਾਰ ਨੇ ਇਸ ਨੂੰ ਸਿੱਧੇ ਤੌਰ 'ਤੇ ਹਸਪਤਾਲ ਦੀ ਵੱਡੀ ਲਾਪਰਵਾਹੀ ਕਰਾਰ ਦਿੱਤਾ ਹੈ। ਹੰਗਾਮੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ। ਪੁਲਿਸ ਅਧਿਕਾਰੀਆਂ ਨੇ ਹਸਪਤਾਲ ਦੇ ਅੰਦਰ ਮੌਜੂਦ ਪੀੜਤ ਪਰਿਵਾਰ ਅਤੇ ਹਸਪਤਾਲ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਹਸਪਤਾਲ ਦੇ ਪ੍ਰਬੰਧਕਾਂ ਅਤੇ ਜ਼ਿੰਮੇਵਾਰ ਸਟਾਫ਼ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਧਰ ਇੰਡਸ ਹਸਪਤਾਲ ਦੇ ਪ੍ਰਬੰਧਕਾਂ ਮੈਂ ਆਖਿਆ ਕਿ ਮਰੀਜ਼ ਨੂੰ ਬਹੁਤ ਹੀ ਗੰਭੀਰ ਅਤੇ ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ, ਜਿਸ ਨੂੰ ਦਿਮਾਗ ਦਾ ਸਟ੍ਰੋਕ (ਬ੍ਰੇਨ ਕਲੌਟ) ਹੋਇਆ ਸੀ। ਮਰੀਜ਼ ਦੇ ਆਉਂਦੇ ਹੀ ਉਸਦੀ ਗੰਭੀਰ ਸਥਿਤੀ ਬਾਰੇ ਪਰਿਵਾਰ ਨੂੰ ਪੂਰੀ ਤਰ੍ਹਾਂ ਸਮਝਾ ਕੇ ਲਿਖਤੀ ਰੂਪ ਵਿੱਚ ਦਸਤਖਤ ਕਰਵਾ ਲਏ ਗਏ ਸਨ। ਹਸਪਤਾਲ ਵਿੱਚ ਐਮਰਜੈਂਸੀ ਅਤੇ ਆਈ.ਸੀ.ਯੂ. ਦੇ ਮਾਹਿਰ ਡਾਕਟਰ ਨਿਰੰਤਰ ਤਾਇਨਾਤ ਸਨ ਅਤੇ ਉਨ੍ਹਾਂ ਵੱਲੋਂ ਮਰੀਜ਼ ਦਾ ਪੂਰੇ ਪ੍ਰਾਪਰ ਅਤੇ ਡਾਕਟਰੀ ਨਿਯਮਾਂ ਅਨੁਸਾਰ ਇਲਾਜ ਕੀਤਾ ਗਿਆ।
ਹਸਪਤਾਲ ਪ੍ਰਬੰਧਕਾਂ ਨੇ ਡਾਕਟਰਾਂ ਦੀ ਗੈਰ-ਹਾਜ਼ਰੀ ਦੇ ਲਗਾਏ ਜਾ ਰਹੇ ਸਾਰੇ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਹੈ ਕਿ ਮਰੀਜ਼ ਦੀ ਨਾਜ਼ੁਕ ਸਥਿਤੀ ਦੇ ਬਾਵਜੂਦ ਡਾਕਟਰੀ ਟੀਮ ਵੱਲੋਂ ਉਸਦੀ ਦੇਖਭਾਲ ਵਿੱਚ ਕੋਈ ਕਮੀ ਨਹੀਂ ਛੱਡੀ ਗਈ।
;
;
;
;
;
;
;
;