ਪੰਜਾਬ ਦੀ ਧੀ ਹਰਪ੍ਰੀਤ ਕੌਰ ਇਟਲੀ ਦੇ ਸਨਬੋਨੀਫਾਚੋ ਪੁਲਿਸ ਸਟੇਸ਼ਨ ਵਿਚ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗੀ
ਵੈਨਿਸ (ਇਟਲੀ), 5 ਜੁਲਾਈ (ਹਰਦੀਪ ਸਿੰਘ ਕੰਗ)- ਇਟਲੀ ਖਾਸ ਕਰਕੇ ਸਨਬੋਨੀਫਾਚੋ ਇਲਾਕੇ ਵਿਚ ਵਸਦੇ ਭਾਰਤੀ ਭਾਈਚਾਰੇ ਲਈ ਇਹ ਬਹੁਤ ਹੀ ਮਾਣ ਅਤੇ ਖੁਸ਼ੀ ਵਾਲੀ ਖ਼ਬਰ ਹੈ ਕਿ ਪੰਜਾਬ ਦੇ ਪਿੰਡ ਖਟਕੜ ਕਲਾਂ ਨਾਲ਼ ਸਬੰਧਿਤ ਇਟਲੀ ਰਹਿੰਦੇ ਪਰਿਵਾਰ ਦੀ ਹੋਣਹਾਰ ਧੀ ਹਰਪ੍ਰੀਤ ਕੌਰ ਹੁਣ ਵੈਰੋਨਾ ਨੇੜਲੇ ਸਨਬੋਨੀਫਾਚੋ ਪੁਲਿਸ ਸਟੇਸ਼ਨ ਵਿਖੇ ਆਪਣੀਆਂ ਵਡਮੁੱਲੀਆਂ ਸੇਵਾਵਾਂ ਪ੍ਰਦਾਨ ਕਰੇਗੀ।
ਇਟਲੀ ਪੁਲਿਸ ਵਿਚ ਹਰਪ੍ਰੀਤ ਕੌਰ ਦੀ ਭਰਤੀ ਸਾਲ 2022 ਵਿਚ ਹੋਈ ਸੀ। ਵਿੱਦਿਆ ਪੱਖੋਂ ਇਸ ਲੜਕੀ ਨੇ ਉੱਚੀ ਪੱਧਰੀ ਸਿੱਖਿਆ ਭਾਵ ਕਾਨੂੰਨ ਖੇਤਰ ਵਿਚ ਲਾਅ ਦੀ ਡਿਗਰੀ ਹਾਸਿਲ ਕੀਤੀ ਹੋਈ ਹੈ ਅਤੇ ਉਹ ਇਟਾਲੀਅਨ ਮਿਲਟਰੀ ਵਿਚ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਚੁੱਕੀ ਹੈ। ਉਹ ਖਟਕੜ ਕਲਾਂ ਪਿੰਡ ਦੇ ਸਵੱਰਗੀ ਹਰਦੀਪ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਦੀ ਧੀ ਹੈ ਇਸ ਲੜਕੀ ਦਾ ਜਨਮ ਇਟਲੀ ਵਿਚ ਹੀ ਹੋਇਆ ਸੀ।
ਕਈ ਔਖੀਆਂ ਅਤੇ ਸਖ਼ਤ ਪ੍ਰੀਖਿਆਵਾਂ ਵਿਚ ਲੰਘਦਿਆਂ ਇਸ ਹੋਣਹਾਰ ਲੜਕੀ ਹਰਪ੍ਰੀਤ ਕੌਰ ਨੇ ਆਖਿਰ ਆਪਣੇ ਸੁਪਨਿਆਂ ਨੂੰ ਸੱਚ ਕਰ ਦਿਖਾਇਆਂ ਅਤੇ ਇਟਲੀ ਦੇ ਪੁਲਿਸ ਵਿਭਾਗ ਵਿਚ ਨੌਕਰੀ ਹਾਸਿਲ ਕਰਕੇ ਆਪਣੇ ਮਾਤਾ-ਪਿਤਾ ਦੇ ਨਾਲ ਨਾਲ਼ ਪੂਰੇ ਭਾਰਤ ਦੇਸ਼ ਦਾ ਨਾਂ ਚਮਕਾਇਆ ਹੈ। ਹਰਪ੍ਰੀਤ ਕੌਰ ਅੱਜ ਕੱਲ ਆਪਣੇ ਪਤੀ ਅਮ੍ਰਿੰਤਪਾਲ ਸਿੰਘ ਸੰਧੂ ਦੇ ਨਾਲ਼ ਵਿਚੈਂਸਾ ਨੇੜਲੇ ਸ਼ਹਿਰ ਆਰਜੀਨਿਆਨੋ ਵਿਖੇ ਰਹਿੰਦੀ ਹੈ।
ਸ:ਅਮ੍ਰਿਤਪਾਲ ਸਿੰਘ ਸੰਧੂ ਜਲੰਧਰ ਜਿਲੇ ਦੇ ਪਿੰਡ ਤਲਵੰਡੀ ਮਾਧੋ ਨਾਲ਼ ਸਬੰਧਿਤ ਹਨ। ਹਰਪ੍ਰੀਤ ਕੌਰ ਦੀ ਸਨਬੋਨੀਫਾਚੋ ਪੁਲਿਸ ਸਟੇਸ਼ਨ ਵਿਖੇ ਨਿਯੁਕਤੀ ਨਾਲ਼ ਜਿੱਥੇ ਭਾਰਤੀ ਭਾਈਚਾਰੇ ਅੰਦਰ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ, ਉੱਥੇ ਸ਼ਹਿਰ ਦੇ ਨਵੇਂ ਨਵੇਂ ਬਣੇ ਮੇਅਰ ਲਿਓਨਾਰਦੋ ਫਰੀਗੋ ਸਮੇਤ ਅਨੇਕਾਂ ਇਟਾਲੀਅਨ ਸ਼ਖਸ਼ੀਅਤਾਂ ਅਤੇ ਉੱਚ ਅਧਿਕਾਰੀਆਂ ਨੇ ਹਰਪ੍ਰੀਤ ਕੌਰ ਦੀ ਇਸ ਨਿਯੁਕਤੀ ਦਾ ਭਰਪੂਰ ਸੁਆਗਤ ਕਰਦਿਆਂ ਅਥਾਂਹ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
;
;
;
;
;
;
;
;
;