ਕਾਂਗਰਸ ਤੇ ਅਕਾਲੀ ਦਲ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਵਿਧਾਇਕ ਗੋਲਡੀ ਕੰਬੋਜ
ਜਲਾਲਾਬਾਦ (ਫ਼ਾਜ਼ਿਲਕਾ), 5 ਜੁਲਾਈ (ਜਤਿੰਦਰ ਪਾਲ ਸਿੰਘ) - ਜਲਾਲਾਬਾਦ ਨਗਰ ਕੌਂਸਲ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਕੁਝ ਪੋਲਿੰਗ ਬੂਥਾਂ ਦੇ ਬਾਹਰ ਪਾਰਟੀ ਵਰਕਰਾਂ ਦੀ ਆਪਸ ਵਿਚ ਬਹਿਸ ਤੇ ਖਿੱਚੋਤਾਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅੱਜ ਸਵੇਰੇ ਵਾਰਡ ਨੰਬਰ ਪੰਜ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਸਮਰਥਕ ਨੂੰ ਵਿਰੋਧੀ ਪਾਰਟੀ ਵਲੋਂ ਵੱਡੀ ਗਿਣਤੀ ਵਿਚ ਵੋਟਰ ਕਾਰਡ ਤੇ ਆਧਾਰ ਕਾਰਡ ਦੇ ਨਾਲ ਫੜਿਆ ਗਿਆ। ਮੌਕੇ 'ਤੇ ਹੀ ਅਕਾਲੀ ਦਲ ਦੇ ਵਰਕਰਾਂ ਨੇ ਉਸ ਨੂੰ ਛਡਵਾ ਕੇ ਪਾਸੇ ਕੀਤਾ। ਜਦੋਂ ਇਹ ਗੱਲ ਹਲਕਾ ਵਿਧਾਇਕ ਗੋਲਡੀ ਕੰਬੋਜ ਤੱਕ ਪਹੁੰਚੀ ਤਾਂ ਤੁਰੰਤ ਮੌਕੇ 'ਤੇ ਪਹੁੰਚੇ, ਜਿੱਥੇ ਅਕਾਲੀ ਦਲ ਦੇ ਆਗੂਆਂ ਦੇ ਨਾਲ ਗਰਮਾ ਗਰਮੀ ਵੀ ਹੋਈ ਅਤੇ ਹਲਕਾ ਵਿਧਾਇਕ ਵਲੋਂ ਗ਼ਲਤ ਵੋਟਾਂ ਭੁਗਤਾਉਣ ਜਾਂ ਵੋਟਾਂ ਖ਼ਰੀਦਣ ਤੋਂ ਪਾਸੇ ਰਹਿਣ ਬਾਰੇ ਬੜੀ ਕਰੜਾਈ ਦੇ ਨਾਲ ਚਿਤਾਵਨੀ ਦਿੱਤੀ ਗਈ। ਵਾਰਡ ਨੰ 10 ਵਿਚ ਵੀ ਕਾਂਗਰਸ ਉਮੀਦਵਾਰ ਦੇ ਵਰਕਰ ਵਲੋਂ ਵੋਟਾਂ ਖ਼ਰੀਦਣ ਦਾ ਖ਼ੁਲਾਸਾ ਹਲਕਾ ਵਿਧਾਇਕ ਜਗਦੀਪ ਗੋਲਡੀ ਕੰਬੋਜ ਨੇ ਕੀਤਾ। ਇਸ ਦੇ ਨਾਲ ਹੀ ਵਾਰਡ ਨੰ 9 ਵਿਚ ਮੌਤ ਹੋ ਚੁੱਕੀ ਵੋਟ ਕਾਂਗਰਸ ਪਾਰਟੀ ਵਲੋਂ ਭੁਗਤਾਉਣ ਦੀ ਕੋਸ਼ਿਸ਼ ਕਰਨ ਦੀ ਗੱਲ ਵੀ ਉਨ੍ਹਾਂ ਦੱਸੀ। ਗੱਲਬਾਤ ਕਰਦੇ ਜਗਦੀਪ ਗੋਲਡੀ ਕੰਬੋਜ ਨੇ ਕਿਹਾ ਕਿ ਜਲਾਲਾਬਾਦ ਵਿਚ ਹਮੇਸ਼ਾ ਹੀ ਹੁਕਮਰਾਨ ਪਾਰਟੀ ਨਗਰ ਕੌਂਸਲ ਚੋਣਾਂ ਵਿਚ ਧੱਕਾ ਕਰਦੀ ਆਈ ਹੈ, ਪਰ ਉਹ ਸਾਫ਼ ਸੁਥਰੀਆਂ ਚੋਣਾਂ ਚਾਹੁੰਦੇ ਹਨ ਅਤੇ ਇਸ ਲਈ ਸਾਰੇ ਉਮੀਦਵਾਰਾਂ ਦੇ ਕਾਗ਼ਜ਼ ਭਰਵਾਏ ਗਏ ਹਨ , ਕਿਸੇ ਨੂੰ ਰੋਕਿਆ ਨਹੀਂ ਗਿਆ । ਪਿਛਲੀਆਂ ਸਰਕਾਰਾਂ ਵਾਂਗ ਕਿਸੇ ਨਾਲ ਧੱਕਾ ਨਹੀਂ ਕੀਤਾ ਗਿਆ, ਪਰ ਹੁਣ ਪੈ ਰਹੀਆਂ ਵੋਟਾਂ ਦੇ ਵਿਚ ਕਾਂਗਰਸ ਤੇ ਅਕਾਲੀ ਦਲ ਧੱਕਾ ਕਰਨਾ ਚਾਹੁੰਦੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਸਭ ਤੋਂ ਪਹਿਲੇ ਵਾਰਡ ਨੰਬਰ 5 ਵਿਚ ਅਕਾਲੀ ਦਲ ਦੇ ਉਮੀਦਵਾਰ ਦੇ ਸਮਰਥਕ ਕੋਲੋਂ ਵੋਟਰ ਕਾਰਡ ਅਤੇ ਆਧਾਰ ਕਾਰਡ ਫੜੇ ਗਏ ਹਨ। ਜਿਸ ਤੋਂ ਬਾਅਦ ਵਾਰਡ ਨੰਬਰ 10 ਵਿਚ ਕਾਂਗਰਸ ਦੇ ਉਮੀਦਵਾਰ ਦੇ ਬੇਟਾ, ਜੋ ਕਿ ਸਰਕਾਰੀ ਨੌਕਰੀ 'ਤੇ ਹੈ, ਕੋਲੋਂ ਪੈਸੇ ਤੇ ਲਿਸਟਾਂ ਫੜੀਆਂ ਗਈਆਂ ਹਨ। ਹੁਣ ਵਾਰਡ ਨੰਬਰ 9 ਦੇ ਵਿਚ ਇਕ ਉਮੀਦਵਾਰ ਵਲੋਂ ਕਾਂਗਰਸ ਦੇ ਉਮੀਦਵਾਰ ਵਲ਼ੋਂ ਜਾਅਲੀ ਵੋਟ ਭੁਗਤਾਏ ਜਾਣ ਦਾ ਪਤਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਫ਼ ਹੋ ਚੁੱਕਿਆ ਹੈ ਕਿ ਆਮ ਆਦਮੀ ਪਾਰਟੀ ਸਾਰੀਆਂ ਸੀਟਾਂ 'ਤੇ ਜੇਤੂ ਹੋਣ ਜਾ ਰਹੀ ਹੈ, ਜਿਸ ਕਰਕੇ ਬੌਖਲਾਹਟ ਵਿਚ ਇਹ ਗ਼ਲਤ ਵੋਟਾਂ ਭੁਗਤਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
;
;
;
;
;
;
;
;