JALANDHAR WEATHER

ਜ਼ੀਰਕਪੁਰ ਕੌਂਸਲ ਦੇ ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ 'ਚ ਧੱਕੇਸ਼ਾਹੀ ਦੇ ਦੋਸ਼

ਜ਼ੀਰਕਪੁਰ (ਮੁਹਾਲੀ), 5 ਜੁਲਾਈ (ਹੈਪੀ ਪੰਡਵਾਲਾ) - ਸੱਤਾਧਾਰੀ ਧਿਰ ਦੇ ਇਕ ਆਗੂ ਵਲੋਂ ਲਾਏ ਦੋਸ਼ ਨੇ ਅੱਜ ਜ਼ੀਰਕਪੁਰ ਦੀ ਸਿਆਸਤ 'ਚ ਨਵੀਂ ਚਰਚਾ ਛੇੜ ਦਿੱਤੀ ਹੈ। ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕੌਂਸਲਰ ਕਰਮਜੀਤ ਸਿੰਘ ਨੇ ਹਾਈਕੋਰਟ 'ਚ ਹਲਫ਼ਨਾਮਾ ਦਾਇਰ ਕਰਕੇ ਚੋਣ ਪ੍ਰਕਿਰਿਆ ਦੌਰਾਨ ਹੋਈ ਕਥਿਤ ਧੱਕੇਸ਼ਾਹੀ, ਦਬਾਅ ਅਤੇ ਜ਼ਬਰਦਸਤੀ ਦਸਤਖਤ ਕਰਵਾਉਣ ਦੇ ਖੁਲਾਸੇ ਕੀਤੇ ਹਨ। ਪੇਸ਼ ਕੀਤੇ ਗਏ ਦਸਤਾਵੇਜ਼ ਮੁਤਾਬਕ ਕੌਂਸਲਰ ਕਰਮਜੀਤ ਸਿੰਘ ਵਾਸੀ ਬਾਲਟਾਣਾ ਨੇ ਬਿਆਨ ਦਿੱਤਾ ਕਿ ਲੰਘੀ 23 ਜੂਨ ਨੂੰ ਬਾਲਟਾਣਾ ਦੇ ਇਕ ਹੋਟਲ 'ਚ 60 ਦੇ ਕਰੀਬ ਵਿਅਕਤੀਆਂ ਵਲੋਂ ਉਨ੍ਹਾਂ 'ਤੇ ਦਬਾਅ ਬਣਾ ਕੇ ਜ਼ਬਰਦਸਤੀ ਦਸਤਖਤ ਕਰਵਾਏ ਗਏ। ਉਨ੍ਹਾਂ ਸਪੱਸ਼ਟ ਕੀਤਾ ਕਿ 24 ਜੂਨ ਨੂੰ ਹੋਈ ਕੌਂਸਲ ਪ੍ਰਧਾਨ ਦੀ ਚੋਣ 'ਚ ਉਸ ਨੇ ਮੌਜੂਦਾ ਅਹੁਦੇਦਾਰਾਂ ਦੇ ਪੱਖ 'ਚ ਆਪਣੀ ਮਰਜ਼ੀ ਨਾਲ ਵੋਟ ਨਹੀਂ ਪਾਈ ਸੀ। ਹਲਫ਼ਨਾਮੇ 'ਚ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਪ੍ਰਕਿਰਿਆ 'ਤੇ ਸਵਾਲ ਚੁੱਕਦਿਆਂ ਕੌਂਸਲਰ ਨੇ ਕਿਹਾ ਕਿ ਇਹ ਮਹਿਜ਼ 4-5 ਮਹੀਨੇ ਪਹਿਲਾਂ ਹੀ ਪਾਰਟੀ 'ਚ ਸ਼ਾਮਿਲ ਹੋਏ ਸਨ। ਜੇਕਰ ਇਹ ਚੋਣ ਪਾਰਦਰਸ਼ੀ ਤਰੀਕੇ ਨਾਲ ਗੁਪਤ ਬੈਲਟ ਜਾਂ ਹੱਥ ਖੜ੍ਹੇ ਕਰਕੇ ਕਰਵਾਈ ਜਾਂਦੀ ਤਾਂ ਪਾਰਟੀ ਦੇ ਬਹੁਤੇ ਕੌਂਸਲਰ ਇਨ੍ਹਾਂ ਦੇ ਹੱਕ 'ਚ ਵੋਟ ਨਾ ਪਾਉਂਦੇ। ਇਸ ਮਾਮਲੇ ਬਾਬਤ ਕੌਂਸਲਰ ਕਰਮਜੀਤ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਜਿਨ੍ਹਾਂ ਸਾਥੀਆਂ ਨੇ ਸਾਲਾਂ ਤੱਕ ਪਾਰਟੀ ਲਈ ਨਿਸ਼ਕਾਮ ਸੇਵਾ ਕੀਤੀ ਹੈ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਜਦਕਿ ਨਵਿਆਂ ਨੂੰ ਤਰਜੀਹ ਦੇ ਕੇ ਅਹੁਦੇਦਾਰੀਆਂ ਸੌਂਪੀਆਂ ਗਈਆਂ। ਇਹ ਹਾਲਾਤ ਨਾ ਸਿਰਫ਼ ਵਰਕਰਾਂ ਦਾ ਮਨੋਬਲ ਤੋੜਦੇ ਹਨ ਸਗੋਂ ਸੰਗਠਨ ਨੂੰ ਵੀ ਕਮਜ਼ੋਰ ਕਰਦੇ ਹਨ। ਇਸੇ ਕਾਰਨ ਉਨ੍ਹਾਂ ਵਲੋਂ ਭਾਰੇ ਮਨ ਨਾਲ ਇਹ ਸਖ਼ਤ ਕਦਮ ਚੁੱਕਿਆ ਗਿਆ, ਕਿਉਂਕਿ ਵਰਕਰ ਦਾ ਮਾਣ ਹੀ ਪਾਰਟੀ ਦੀ ਸ਼ਾਨ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ