ਆਵਾਰਾ ਪਸ਼ੂ ਨੂੰ ਬਚਾਉਂਦੇ ਪਲਟੀ ਕਾਰ, ਦੋ ਦੀ ਮੌਤ
ਲਾਲੜੂ (ਮੁਹਾਲੀ), 10 ਜੁਲਾਈ - ਲਾਲੜੂ ਦੇ ਆਈ.ਟੀ.ਆਈ. ਚੌਕ ਨੇੜੇ ਅੱਜ ਸਵੇਰੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਲੁਧਿਆਣਾ ਦੇ 23 ਸਾਲਾ ਨੌਜਵਾਨ ਅਤੇ ਕਾਰ ਚਾਲਕ ਦੀ ਮੌਤ ਹੋ ਗਈ, ਜਦਕਿ ਕਾਰ ਵਿਚ ਸਵਾਰ ਦੋ ਹੋਰ ਵਿਅਕਤੀ ਵਾਲ-ਵਾਲ ਬਚ ਗਏ। ਲਾਲੜੂ ਪੁਲਿਸ ਨੇ ਮਾਮਲੇ ਸੰਬੰਧੀ ਬੀਐਨਐਸਐਸ ਦੀ ਧਾਰਾ 194 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿਚ ਮ੍ਰਿਤਕ ਮਨਜੋਤ ਸਿੰਘ ਦੇ ਪਿਤਾ ਅਮਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮਨਜੋਤ ਸਿੰਘ ਆਪਣੇ ਦੋਸਤ ਆਕਾਸ਼ ਵਰਮਾ, ਡਰਾਈਵਰ ਰਵੀ ਕੁਮਾਰ ਅਤੇ ਸਕਿਉਰਿਟੀ ਗਾਰਡ ਰਾਜੀਵ ਕੁਮਾਰ ਪਾਂਡੇ ਨਾਲ ਵੀਰਵਾਰ ਦੇਰ ਰਾਤ ਫਾਰਚੂਨਰ ਕਾਰ ਰਾਹੀਂ ਲੁਧਿਆਣਾ ਤੋਂ ਦਿੱਲੀ ਲਈ ਰਵਾਨਾ ਹੋਇਆ ਸੀ। ਸ਼ੁੱਕਰਵਾਰ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਲਾਲੜੂ ਦੇ ਆਈ.ਟੀ.ਆਈ. ਚੌਕ ਨੇੜੇ ਕਾਰ ਦਾ ਹਾਦਸਾ ਹੋ ਗਿਆ ਹੈ।
ਪਰਿਵਾਰਿਕ ਮੈਂਬਰਾਂ ਨੇ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਪਹੁੰਚ ਕੇ ਜਾਣਕਾਰੀ ਲਈ ਤਾਂ ਪਤਾ ਲੱਗਾ ਕਿ ਮਨਜੋਤ ਸਿੰਘ ਅਤੇ ਡਰਾਈਵਰ ਰਵੀ ਕੁਮਾਰ ਦੀ ਮੌਤ ਹੋ ਚੁੱਕੀ ਹੈ। ਜਦਕਿ ਆਕਾਸ਼ ਵਰਮਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਸਕਿਉਰਿਟੀ ਗਾਰਡ ਰਾਜੀਵ ਕੁਮਾਰ ਸੁਰੱਖਿਅਤ ਹੈ।
ਪੁਲਿਸ ਜਾਂਚ ਅਤੇ ਪਰਿਵਾਰ ਵਲੋਂ ਦਿੱਤੇ ਬਿਆਨ ਅਨੁਸਾਰ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅਚਾਨਕ ਇਕ ਆਵਾਰਾ ਪਸ਼ੂ ਕਾਰ ਦੇ ਸਾਹਮਣੇ ਆ ਗਿਆ। ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ।
ਮ੍ਰਿਤਕ ਦੇ ਪਰਿਵਾਰ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਇਹ ਇਕ ਕੁਦਰਤੀ ਅਤੇ ਅਚਾਨਕ ਵਾਪਰਿਆ ਹਾਦਸਾ ਸੀ, ਇਸ ਵਿਚ ਕਿਸੇ ਦਾ ਕੋਈ ਕਸੂਰ ਨਹੀਂ ਹੈ ਅਤੇ ਉਹ ਕਿਸੇ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਚਾਹੁੰਦੇ। ਪੁਲਿਸ ਨੇ ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
;
;
;
;
;
;
;
;