ਪਤਨੀ ਦੇ ਪੇਕੇ ਜਾਣ ਤੋਂ ਪ੍ਰੇਸ਼ਾਨ ਨੌਜਵਾਨ ਬੱਚੀ ਸਮੇਤ ਲਾਪਤਾ
ਡੱਬਵਾਲੀ (ਹਰਿਆਣਾ), 10 ਅਗਸਤ (ਇਕਬਾਲ ਸਿੰਘ ਸ਼ਾਂਤ) - ਪਤਨੀ ਦੇ ਪੇਕੇ ਜਾਣ ਤੋਂ ਪ੍ਰੇਸ਼ਾਨ ਇਕ ਨੌਜਵਾਨ ਆਪਣੀ ਢਾਈ ਸਾਲਾ ਬੱਚੀ ਨੂੰ ਮੋਟਰਸਾਇਕਲ ’ਤੇ ਨਾਲ ਲੈ ਕੇ ਘਰੋਂ ਨਿਕਲ ਗਿਆ। ਇਸ ਉਪਰੰਤ ਉਹ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਿਆ। ਰਾਜਸਥਾਨ ਨਹਿਰ ਕੋਲ ਉਸ ਦੀ ਮੋਟਰਸਾਇਕਲ, ਜੁੱਤੇ, ਬੱਚੀ ਦਾ ਸਕੂਲ ਬੈਗ ਅਤੇ ਸੈਂਡਲ ਬਰਾਮਦ ਹੋਏ ਹਨ। ਸਿਟੀ ਪੁਲਿਸ ਨੇ ਭਰਾ ਜਗਦੀਸ਼ ਕੁਮਾਰ ਦੀ ਸ਼ਿਕਾਇਤ ’ਤੇ ਗੁੰਮਸ਼ੁਦਗੀ ਦਾ ਮੁਕੱਦਮਾ ਦਰਜ ਕੀਤਾ ਹੈ।
ਚੌਟਾਲਾ ਵਾਸੀ ਦਯਾਰਾਮ (30) ਅਲੀਕਾ ਪੈਟਰੋਲ ਪੰਪ ’ਤੇ ਨੌਕਰੀ ਕਰਦਾ ਸੀ। ਕਰੀਬ ਅੱਠ ਸਾਲ ਪਹਿਲਾਂ ਉਸ ਨੇ ਪਿੰਡ ਚੌਟਾਲਾ ਦੀ ਦਰਸ਼ਨਾ ਨਾਲ ਪ੍ਰੇਮ ਵਿਆਹ ਕੀਤਾ ਸੀ। ਦੋਵਾਂ ਦੀ ਢਾਈ ਸਾਲ ਦੀ ਇਕ ਬੱਚੀ ਹੈ।ਸ਼ਿਕਾਇਤਕਰਤਾ ਮੁਤਾਬਕ ਕਰੀਬ 10 ਦਿਨ ਪਹਿਲਾਂ ਦਯਾਰਾਮ ਦੀ ਪਤਨੀ ਦਰਸ਼ਨਾ ਨਾਰਾਜ਼ ਹੋ ਕੇ ਆਪਣੇ ਪਿਤਾ ਨਾਲ ਪੇਕੇ ਚੌਟਾਲਾ ਚਲੀ ਗਈ ਸੀ। ਉਸ ਮਗਰੋਂ ਦਯਾਰਾਮ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ।
ਜਗਦੀਸ਼ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਦਯਾਰਾਮ ਆਪਣੀ ਬੱਚੀ ਨੂੰ ਨਾਲ ਲੈ ਕੇ ਮੋਟਰਸਾਇਕਲ ’ਤੇ ਘਰੋਂ ਬਿਨਾਂ ਦੱਸੇ ਨਿਕਲ ਗਿਆ। ਰਾਤ ਕਰੀਬ 10 ਵਜੇ ਤੱਕ ਉਸ ਨਾਲ ਗੱਲ ਹੋਈ, ਪਰ ਉਸ ਮਗਰੋਂ ਸੰਪਰਕ ਨਹੀਂ ਹੋ ਸਕਿਆ। 9 ਅਗਸਤ ਨੂੰ ਦੁਪਹਿਰ ਕਰੀਬ 12:30 ਵਜੇ ਤੱਕ ਫੋਨ ’ਤੇ ਘੰਟੀ ਵੱਜਦੀ ਰਹੀ, ਫਿਰ ਮੋਬਾਈਲ ਬੰਦ ਆਉਣ ਲੱਗ ਪਿਆ।
ਪਰਿਵਾਰਿਕ ਮੈਂਬਰ ਉਸ ਦੀ ਭਾਲ ਕਰਦੇ ਹੋਏ ਰਾਜਸਥਾਨ ਨਹਿਰ ਕੋਲ ਪੁੱਜੇ, ਜਿੱਥੇ ਦਯਾਰਾਮ ਦੀ ਮੋਟਰਸਾਇਕਲ, ਉਸ ਦੇ ਜੁੱਤੇ, ਬੱਚੀ ਦਾ ਸਕੂਲ ਬੈਗ ਅਤੇ ਸੈਂਡਲ ਪਏ ਮਿਲੇ। ਸਿਟੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਈਏਐਸਆਈ ਸ਼ਿਵ ਕੁਮਾਰ ਨੇ ਦੱਸਿਆ ਕਿ ਨੌਜਵਾਨ ਅਤੇ ਬੱਚੀ ਦੀ ਭਾਲ ਕੀਤੀ ਜਾ ਰਹੀ ਹੈ।
;
;
;
;
;
;
;
;