JALANDHAR WEATHER

ਡੇਰਾਬੱਸੀ ਗੁਲਾਬਗੜ੍ਹ ਰੋਡ 'ਤੇ ਫਿਲਮੀ ਸਟਾਈਲ 'ਚ ਕੀਤਾ ਕਾਰ ਦਾ ਪਿੱਛਾ-ਵਰਾਏ ਇੱਟਾਂ-ਰੋੜੇ

*ਭੀੜ ਦਾ ਫਾਇਦਾ ਚੁੱਕ ਕੇਦੇ ਤੋੜੇ ਸ਼ੀਸ਼ੇ * ਵੱਡੀ ਵਾਰਦਾਤ ਟਲੀ
ਡੇਰਾਬੱਸੀ, 10 ਜੁਲਾਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਗੁਲਾਬਗੜ੍ਹ ਰੋਡ 'ਤੇ ਨੌਜਵਾਨਾਂ ਦੇ ਦੋ ਗੁੱਟਾਂ ਵਿਚਾਲੇ ਹੋਏ ਆਪਸੀ ਝਗੜੇ ਅਤੇ ਹੰਗਾਮੇ ਦੇ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਘਟਨਾ ਦੀ ਵਾਇਰਲ ਵੀਡੀਓ ਅਤੇ ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ, ਇਹ ਮਾਮਲਾ ਮਹਿਜ਼ ਅਚਾਨਕ ਹੋਈ ਲੜਾਈ ਦਾ ਨਹੀਂ, ਬਲਕਿ ਪੁਰਾਣੀ ਰੰਜਿਸ਼ ਤਹਿਤ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ ਹਮਲੇ ਦਾ ਪ੍ਰਤੀਤ ਹੁੰਦਾ ਹੈ। ਆਸ-ਪਾਸ ਦੇ ਚਸ਼ਮਦੀਦਾਂ ਅਤੇ ਸੂਤਰਾਂ ਮੁਤਾਬਿਕ, ਹਮਲਾਵਰਾਂ ਵੱਲੋਂ ਨਿਸ਼ਾਨਾ ਬਣਾਈ ਗਈ ਚਿੱਟੇ ਰੰਗ ਦੀ ਕਾਰ ਦਾ ਕਾਫੀ ਪਿੱਛੇ ਤੋਂ ਹੀ ਮੋਟਰਸਾਈਕਲਾਂ 'ਤੇ ਪਿੱਛਾ ਕੀਤਾ ਜਾ ਰਿਹਾ ਸੀ। ਜਿਵੇਂ ਹੀ ਗੁਲਾਬਗੜ੍ਹ ਰੋਡ ਦੇ ਗਲੀ ਨੰਬਰ 10 ਦੇ ਸਾਹਮਣੇ ਸਾਹਮਣੇ ਬਾਜ਼ਾਰ ਵਿੱਚ ਗੱਡੀਆਂ ਦੀ ਭੀੜ ਹੋਈ ਅਤੇ ਟ੍ਰੈਫਿਕ ਕਾਰਨ ਕਾਰ ਦੀ ਰਫ਼ਤਾਰ ਹੌਲੀ ਹੋਈ, ਤਾਂ ਘਾਤ ਲਗਾ ਕੇ ਬੈਠੇ ਅਤੇ ਪਿੱਛਾ ਕਰ ਰਹੇ ਨੌਜਵਾਨਾਂ ਨੇ ਮੌਕਾ ਦੇਖ ਕੇ ਇਸ ਕਾਰ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਤਾਬੜਤੋੜ ਹਮਲਾ ਕਰ ਦਿੱਤਾ।
ਹਮਲਾਵਰਾਂ ਵੱਲੋਂ ਸ਼ਰੇਆਮ ਸੜਕ ਤੋਂ ਇੱਟਾਂ-ਰੋੜੇ ਚੁੱਕ ਕੇ ਗੱਡੀ 'ਤੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ ਗਏ, ਜਿਸ ਕਾਰਨ ਕਾਰ ਦੇ ਸ਼ੀਸ਼ੇ ਬੁਰੀ ਤਰ੍ਹਾਂ ਟੁੱਟ ਗਏ ਅਤੇ ਗੱਡੀ ਦਾ ਕਾਫੀ ਨੁਕਸਾਨ ਹੋਇਆ। ਮਾਮਲਾ ਬੇਹੱਦ ਗੰਭੀਰ ਰੂਪ ਧਾਰਨ ਕਰ ਗਿਆ ਸੀ ਅਤੇ ਜਾਨੀ ਨੁਕਸਾਨ ਹੋਣ ਦਾ ਖ਼ਦਸ਼ਾ ਸੀ, ਪ੍ਰੰਤੂ ਮੌਕੇ ਦੀ ਨਜਾਕਤ ਅਤੇ ਖ਼ਤਰੇ ਨੂੰ ਦੇਖਦੇ ਹੋਏ ਨਿਸ਼ਾਨਾ ਬਣਾਏ ਗਏ ਕਾਰ ਚਾਲਕ ਭੀੜ ਦਾ ਫਾਇਦਾ ਚੁੱਕ ਕੇ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਹੰਗਾਮੇ ਅਤੇ ਭੰਨਤੋੜ ਤੋਂ ਤੁਰੰਤ ਬਾਅਦ, ਨੁਕਸਾਨੀ ਗਈ ਕਾਰ ਨੂੰ ਵੀ ਮੌਕੇ ਤੋਂ ਹਟਾ ਲਿਆ ਗਿਆ, ਜਿਸ ਕਾਰਨ ਮਾਮਲਾ ਹੋਰ ਵੀ ਸ਼ੱਕੀ ਬਣ ਗਿਆ ਹੈ।
ਇਸ ਸ਼ਰੇਆਮ ਹੋਈ ਗੁੰਡਾਗਰਦੀ ਅਤੇ ਹਿੰਸਕ ਝੜਪ ਦੌਰਾਨ ਆਸ-ਪਾਸ ਦੇ ਦੁਕਾਨਦਾਰਾਂ ਅਤੇ ਲੰਘਣ ਵਾਲੇ ਰਾਹਗੀਰਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਬਾਜ਼ਾਰ ਵਿੱਚ ਅਫ਼ਰਾ-ਤਫ਼ਰੀ ਮਚ ਗਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦਿਨ-ਦਿਹੜੇ ਅਜਿਹੀਆਂ ਘਟਨਾਵਾਂ ਵਾਪਰਨ ਨਾਲ ਇਲਾਕੇ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ। ਸਥਾਨਕ ਪੁਲਿਸ ਪ੍ਰਸ਼ਾਸਨ ਵੱਲੋਂ ਹੁਣ ਇਸ ਨਵੇਂ ਪਹਿਲੂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਆਸ-ਪਾਸ ਦੀਆਂ ਦੁਕਾਨਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਵਾਇਰਲ ਵੀਡੀਓ ਦੇ ਆਧਾਰ 'ਤੇ ਹਮਲਾਵਰਾਂ ਦੇ ਨਾਲ-ਨਾਲ ਕਾਰ ਸਵਾਰਾਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਤਾਂ ਜੋ ਹਮਲੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ