ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਐਲਾਨ ਕਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ - ਬਲਤੇਜ ਪੰਨੂ
ਚੰਡੀਗੜ੍ਹ, 17 ਜੁਲਾਈ (ਅਜਾਇਬ ਸਿੰਘ ਔਜਲਾ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦੇ ਉੱਤੇ ਤੁਲਿਆ ਹੋਇਆ ਹੈ ਅਤੇ ਧਰਮ ਯੁੱਧ ਮੋਰਚੇ ਦੇ ਨਾਂ ਤੇ ਜੋ 19 ਤਰੀਕ ਨੂੰ ਆਰੰਭ ਕਰਨ ਦੀ ਇਕ ਮਹੀਨਾ ਪਹਿਲਾਂ ਗੱਲ ਕਹੀ ਸੀ ਉਸ ਦੇ ਉੱਤੇ ਬਰਾਬਰ ਸਿਆਸਤ ਕਰ ਰਿਹਾ ਹੈ। ਇਹ ਗੱਲ ਅੱਜ ਚੰਡੀਗੜ੍ਹ ਚ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਵਿਖੇ ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਵਲੋਂ ਸਾਂਝੀ ਕੀਤੀ ਗਈ। ਉਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ਤੇ ਵੀ ਤਨਜ਼ ਕੱਸਿਆ ਕਿ ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਜਦੋਂ ਉਨ੍ਹਾਂ ਦੀ ਸਰਕਾਰ ਆਈ ਤਾਂ ਉਹ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣਗੇ। ਇਸ 'ਤੇ ਬਲਤੇਜ ਪੰਨੂ ਨੇ ਕਿਹਾ ਕਿ ਨਾ ਨੌ ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ...। ਬਲਤੇਜ ਪੰਨੂ ਨੇ ਇਹ ਵੀ ਦੋਸ਼ ਲਾਇਆ ਕਿ ਬੇਅਦਬੀਆਂ ਦੇ ਮਾਮਲੇ ਚ ਜਦੋਂ ਤੱਕ ਉਨ੍ਹਾਂ ਦੀ ਸਰਕਾਰ ਸੀ ਤਾਂ ਉਨ੍ਹਾਂ ਨੇ ਕੁਝ ਨਹੀਂ ਕੀਤਾ ਸਿਵਾਏ ਲੋਕਾਂ ਨੂੰ ਗੁਮਰਾਹ ਕਰਨ ਦੇ। ਬਲਤੇਜ ਪੰਨੂ ਨੇ ਸੁਖਬੀਰ ਸਿੰਘ ਬਾਦਲ 'ਤੇ ਤਨਜ਼ ਕਸਦਿਆਂ ਕਿਹਾ ਕਿ ਇਨ੍ਹਾਂ ਨੂੰ ਤਾਂ ਇਹੀ ਨਹੀਂ ਪਤਾ ਕਿ ਧਰਮ ਯੁੱਧ ਮੋਰਚੇ ਹੁੰਦੇ ਕੀ ਨੇ। ਪ੍ਰਧਾਨ ਮੰਤਰੀ ਦੀ ਚੰਡੀਗੜ੍ਹ ਅਤੇ ਪੰਜਾਬ ਫੇਰੀ 'ਤੇ ਗੱਲ ਕਰਦਿਆਂ ਬਲਦੇਵ ਪੰਨੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਉਹ ਅਪੀਲ ਕਰਦੇ ਹਨ ਅਤੇ ਆਸ ਵੀ ਕਰਦੇ ਹਨ ਕਿ ਉਹ ਚੰਡੀਗੜ੍ਹ ਜੋ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਲੋਕਾਂ ਨੂੰ ਉਜਾੜ ਕੇ ਬਣਿਆ ਉਹ ਪੰਜਾਬ ਨੂੰ ਦੇਣ ਦਾ ਐਲਾਨ ਕਰਨ ।ਇਸੇ ਤਰ੍ਹਾਂ ਬੀ.ਬੀ.ਐਮ.ਬੀ. ਪੰਜਾਬ ਨੂੰ ਸੌਂਪਣ, ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਨੂੰ ਹੀ ਪੂਰੇ ਅਧਿਕਾਰ ਦੇ ਕੇ ਪੰਜਾਬ ਵਿਚ ਇਹ ਰੱਖਿਆ ਜਾਵੇ ਆਦਿ 'ਤੇ ਵੀ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਪੰਜਾਬੀਆਂ ਦੀਆਂ ਇਹ ਮੰਗਾਂ ਨੂੰ ਸਵੀਕਾਰ ਕੀਤਾ ਜਾਵੇ। ਉਨਾ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿੱਥੇ ਉਹ ਪੰਜਾਬ ਆਉਣ ਤੇ ਸਵਾਗਤ ਕਰਦੇ ਹਨ ਉਥੇ ਉਹਨਾਂ ਨੂੰ ਇਹ ਅਪੀਲ ਵੀ ਕਰਦੇ ਹਨ ਕਿ ਪੰਜਾਬ ਦਾ ਰੋਕਿਆ ਹੋਇਆ ਆਰ.ਡੀ.ਐਫ. ਉਹ ਪੰਜਾਬ ਨੂੰ ਦੇਣ ,ਇਸੇ ਤਰ੍ਹਾਂ ਜੋ ਰਕਮ ਹੜ- ਪੀੜਤਾਂ ਲਈ ਐਲਾਨੀ ਗਈ ਸੀ, ਉਹ ਵੀ ਦੇ ਕੇ ਜਾਣੀ ਚਾਹੀਦੀ ਹੈ।
;
;
;
;
;
;
;