ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਓਐਨਜੀਸੀ ਫਾਊਂਡੇਸ਼ਨ ਵਲੋਂ ਬੈਟਰੀ ਵਾਹਨ ਭੇਟ
ਅੰਮ੍ਰਿਤਸਰ, 17 ਜੁਲਾਈ (ਜਸਵੰਤ ਸਿੰਘ ਜੱਸ) - ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੀਆਂ ਸੰਗਤਾਂ ਦੀ ਸਹੂਲਤ ਲਈ ਓਐਨਜੀਸੀ ਫਾਊਂਡੇਸ਼ਨ ਵਲੋਂ ਚੇਅਰਮੈਨ ਅਰੁਣ ਕੁਮਾਰ ਸਿੰਘ ਦੇ ਵਿਸ਼ੇਸ਼ ਉਪਰਾਲੇ ਨਾਲ ਤਿੰਨ ਬੈਟਰੀ ਵਾਹਨ ਭੇਟ ਕੀਤੇ ਗਏ। ਦਫ਼ਤਰ ਸ੍ਰੋਮਣੀ ਕਮੇਟੀ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਓਐਨਜੀਸੀ ਫਾਊਂਡੇਸ਼ਨ ਦੇ ਜਨਰਲ ਮੈਨੇਜਰ ਪੀਓਸ਼ ਆਰਾ, ਸੀਈਓ ਸੰਦੀਪ ਕੁਮਾਰ ਨੇ ਵਾਹਨਾਂ ਦੀਆਂ ਚਾਬੀਆਂ ਸੌਂਪੀਆਂ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਪੁੱਜਦੀਆਂ ਹਨ। ਸ਼ਰਧਾਲੂਆਂ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਸੇਵਾਵਾਂ ਵਿਚ ਆਪਣੀ ਸਮਰਥਾ ਅਨੁਸਾਰ ਯੋਗਦਾਨ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸਹੂਲਤ ਲਈ ਜਿਥੇ ਵੱਖ-ਵੱਖ ਕੰਪਨੀਆਂ ਵਲੋਂ ਵਾਹਨ ਭੇਟ ਕਰਕੇ ਗੁਰੂ ਘਰ ਪ੍ਰਤੀ ਸ਼ਰਧਾ ਪ੍ਰਗਟਾਈ ਜਾਂਦੀ ਹੈ, ਉਥੇ ਹੀ ਅੱਜ ਓਐਨਜੀਸੀ ਫਾਊਂਡੇਸ਼ਨ ਵੱਲੋਂ ਤਿੰਨ ਬੈਂਟਰੀ ਵਾਹਨ ਭੇਟ ਕੀਤੇ ਗਏ ਹਨ। ਇਹ ਵਾਹਨ ਬਜ਼ੁਰਗਾਂ, ਬੱਚਿਆਂ ਅਤੇ ਲੋੜਵੰਦਾਂ ਦੀ ਸਹੂਲਤ ਲਈ ਵਰਤੇ ਜਾਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਓਐਨਸੀਜੀ ਫਾਊਂਡੇਸ਼ਨ ਵਲੋਂ ਕੀਤੀ ਸੇਵਾ ਦੀ ਸ਼ਲਾਘਾ ਕੀਤੀ।
ਇਸ ਮੌਕੇ ਓਐਨਜੀਸੀ ਫਾਊਂਡੇਸ਼ਨ ਦੇ ਜਨਰਲ ਮੈਨੇਜਰ ਪੀਓਸ਼ ਆਰਾ ਤੇ ਸੀਈਓ ਸੰਦੀਪ ਕੁਮਾਰ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਕ ਅਜਿਹਾ ਅਧਿਆਤਮਕ ਕੇਂਦਰ ਹੈ, ਜਿਥੇ ਦੁਨੀਆਂ ਭਰ ਤੋਂ ਲੱਖਾਂ ਲੋਕ ਦਰਸ਼ਨ ਕਰਨ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਵੱਲੋਂ ਵਾਹਨ ਭੇਟ ਕਰਨ ਦਾ ਮਕਸਦ ਬੱਚੇ ਅਤੇ ਬਜ਼ੁਰਗ ਸੰਗਤ ਨੂੰ ਬੇਹਤਰ ਸੁਵਿਧਾ ਦੇਣਾ ਹੈ, ਤਾਂ ਜੋ ਉਨ੍ਹਾਂ ਨੂੰ ਦਰਸ਼ਨ ਕਰਨ ਸਮੇਂ ਕੋਈ ਮੁਸ਼ਕਲ ਨਾ ਆਵੇ। ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜਥੇਦਾਰ ਗਿਆਨੀ ਟੇਕ ਸਿੰਘ, ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਤੇ ਹੋਰਾਂ ਵੱਲੋਂ ਓਐਨਜੀਸੀ ਫਾਊਂਡੇਸ਼ਨ ਦੇ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ।
;
;
;
;
;
;
;