JALANDHAR WEATHER

ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਨਾਲ ਅਹਿਮ ਮੀਟਿੰਗ

ਪਠਾਨਕੋਟ, 17 ਜੁਲਾਈ (ਸੰਧੂ )- ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪੱਧਰੀ ਵਫ਼ਦ ਨੇ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਪੰਜਾਬ ਸਕੱਤਰ ਸਿੰਘ ਬੱਲ ਨਾਲ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿਚ ਇਕ ਅਹਿਮ ਮੀਟਿੰਗ ਕੀਤੀ। ਵਫ਼ਦ ਵਿਚ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਹਰਭਜਨ ਸਿੰਘ, ਜਗਜੀਤ ਸਿੰਘ ਸਾਹਨੇਵਾਲ, ਰਮਨ ਕੁਮਾਰ, ਅਰਜਿੰਦਰ ਸਿੰਘ ਕਲੇਰ, ਪ੍ਰਭਜਿੰਦਰ ਸਿੰਘ, ਗੁਰਮੇਜ ਸਿੰਘ, ਸੁਖਦੇਵ ਸਿੰਘ ਕਾਜਲ, ਹਰਪ੍ਰੀਤ ਸਿੰਘ ਖੁੰਡਾ, ਮਨਜਿੰਦਰ ਸਿੰਘ ਢਿੱਲੋ, ਮਨਜਿੰਦਰ ਸਿੰਘ ਲਾਲਪੁਰਾ, ਗੁਰਪ੍ਰੀਤ ਸਿੰਘ ਦੋਰਾਹਾ, ਸਵਰਨ ਸਿੰਘ, ਰਾਜਵਿੰਦਰ ਸਿੰਘ, ਲਲਿਤ ਕੁਮਾਰ, ਕੰਵਰ ਸੰਧੂ, ਪਰਵੀਨ ਕੁਮਾਰ, ਸੁਰਜੀਤ ਕੁਮਾਰ, ਦਰਸ਼ਨ ਸਿੰਘ ਅਤੇ ਅੰਗਰੇਜ ਸਿੰਘ ਸ਼ਾਮਿਲ ਸਨ।

ਮੀਟਿੰਗ ਦੌਰਾਨ ਮਾਸਟਰ ਕੇਡਰ ਸਮੇਤ ਹੋਰ ਕੇਡਰਾਂ ਨਾਲ ਸਬੰਧਤ ਵੱਖ-ਵੱਖ ਵਿਭਾਗੀ, ਪ੍ਰਸ਼ਾਸਨਿਕ ਅਤੇ ਵਿੱਤੀ ਮਸਲਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਅੰਤਰ-ਜ਼ਿਲ੍ਹਾ ਬਦਲੀਆਂ ਦੇ ਪਹਿਲੇ ਗੇੜ ਤੋਂ ਬਾਅਦ 25 ਜੁਲਾਈ ਤੱਕ ਆਪਸੀ (ਮਿਊਚੁਅਲ), ਜ਼ਿਲ੍ਹੇ ਅੰਦਰ ਅਤੇ ਅੰਤਰ-ਜ਼ਿਲ੍ਹਾ ਬਦਲੀਆਂ ਲਈ ਵਿਸ਼ੇਸ਼ ਮੌਕਾ ਦੇਣ 'ਤੇ ਸਹਿਮਤੀ ਬਣੀ। ਸਕੂਲ ਆਫ਼ ਐਮੀਨੈਂਸ ਵਿਚ ਬਦਲੀਆਂ ਸਿਰਫ਼ ਅਧਿਆਪਕਾਂ ਦੀ ਸਵੈ-ਇੱਛਾ ਦੇ ਆਧਾਰ 'ਤੇ ਹੀ ਕਰਨ ਦਾ ਫੈਸਲਾ ਵੀ ਦੁਹਰਾਇਆ ਗਿਆ।

ਅੱਠਵੀਂ ਜਮਾਤ ਦੀ ਬੋਰਡ ਪ੍ਰੀਖਿਆ ਲਈ ਸੈਲਫ਼ ਸੈਂਟਰ ਬਣਾਉਣ ਦੀ ਯੂਨੀਅਨ ਦੀ ਮੰਗ ਨੂੰ ਵੀ ਹਾਂ-ਪੱਖੀ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਸਾਲ 2025 ਵਿਚ ਮਾਸਟਰ ਕੇਡਰ ਤੋਂ ਲੈਕਚਰਾਰ ਵਜੋਂ ਤਰੱਕੀ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਦਾ ਪ੍ਰੋਬੇਸ਼ਨ ਪੀਰੀਅਡ ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਵਿਚ ਹਾਜ਼ਰੀ ਦੀ ਮਿਤੀ ਤੋਂ ਹੀ ਗਿਣੇ ਜਾਣ ਸਬੰਧੀ ਸਪੱਸ਼ਟਤਾ ਦਿੱਤੀ ਗਈ। ਮੀਟਿੰਗ ਵਿਚ ਲੈਕਚਰਾਰ ਤੋਂ ਪ੍ਰਿੰਸੀਪਲ ਅਤੇ ਮਾਸਟਰ ਤੋਂ ਹੈੱਡਮਾਸਟਰ ਦੀਆਂ ਤਰੱਕੀਆਂ ਲਈ ਅਗਲੇ 15 ਦਿਨਾਂ ਵਿਚ ਡੀ.ਪੀ.ਸੀ. ਕਰਕੇ ਅਗਸਤ ਮਹੀਨੇ ਦੌਰਾਨ ਆਦੇਸ਼ ਜਾਰੀ ਕੀਤੇ ਜਾਣ ਬਾਰੇ ਗੱਲ ਹੋਈ।

ਇਸ ਦੇ ਨਾਲ ਹੀ ਪ੍ਰਾਇਮਰੀ ਤੋਂ ਮਾਸਟਰ, ਮਾਸਟਰ ਤੋਂ ਲੈਕਚਰਾਰ ਅਤੇ ਨਾਨ-ਟੀਚਿੰਗ ਤੋਂ ਮਾਸਟਰ ਕੇਡਰ ਦੀਆਂ ਤਰੱਕੀਆਂ ਲਈ ਨਵਾਂ ਨੋਟਿਸ ਵੀ ਜਲਦੀ ਜਾਰੀ ਕੀਤਾ ਜਾਵੇਗਾ। ਯੂਨੀਅਨ ਵਲੋਂ ਬਦਲੀ ਤੋਂ ਬਾਅਦ 50 ਫ਼ੀਸਦੀ ਸਟਾਫ਼ ਦੀ ਹਾਜ਼ਰੀ ਵਾਲੀ ਸ਼ਰਤ ਵਿਚ ਸੋਧ ਕਰਨ ਦੀ ਮੰਗ ਵੀ ਰੱਖੀ ਗਈ, ਜਿਸ 'ਤੇ ਵਿਭਾਗ ਵਲੋਂ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ। ਅਧਿਆਪਕਾਂ ਨੂੰ ਰੋਜ਼ਾਨਾ ਬੇਲੋੜੀਆਂ ਰਿਪੋਰਟਾਂ ਅਤੇ ਡਾਕ ਭੇਜਣ ਤੋਂ ਰਾਹਤ ਦੇਣ ਲਈ ਵਿਭਾਗ ਵਲੋਂ ਨਵਾਂ ਐੱਮ.ਆਈ.ਐੱਸ. ਪੋਰਟਲ ਤਿਆਰ ਕਰਨ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ। ਮੀਟਿੰਗ ਦੌਰਾਨ ਅਧਿਆਪਕਾਂ ਤੋਂ ਗ਼ੈਰ-ਵਿੱਦਿਅਕ ਡਿਊਟੀਆਂ ਸਿਰਫ਼ ਵਿਭਾਗੀ ਨਿਯਮਾਂ ਅਨੁਸਾਰ ਹੀ ਲਗਾਉਣ ਅਤੇ ਛੁੱਟੀਆਂ ਦੌਰਾਨ ਨਿਭਾਈਆਂ ਗ਼ੈਰ-ਵਿੱਦਿਅਕ ਡਿਊਟੀਆਂ ਦੇ ਬਦਲੇ ਬਣਦੀ ਕਮਾਈ ਛੁੱਟੀ ਦੇਣ ਦੇ ਮੁੱਦੇ 'ਤੇ ਵੀ ਵਿਸਥਾਰ ਨਾਲ ਚਰਚਾ ਹੋਈ।

ਵਿੱਤੀ ਮਸਲਿਆਂ ਵਿਚ ਸਰਹੱਦੀ ਖੇਤਰਾਂ ਵਿਚ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਲਈ ਵਾਧੂ ਇਨਕਰੀਮੈਂਟ ਸਬੰਧੀ ਪੱਤਰ ਲਾਗੂ ਕਰਨ ਅਤੇ ਛੇਵੇਂ ਤਨਖ਼ਾਹ ਕਮਿਸ਼ਨ ਦੇ 2.59 ਗੁਣਾਕ ਫੈਕਟਰ ਨੂੰ ਲਾਗੂ ਕਰਨ ਦੇ ਮੁੱਦੇ 'ਤੇ ਵੀ ਵਿਸ਼ੇਸ਼ ਤੌਰ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਡਾਇਰੈਕਟਰ ਵਲੋਂ ਯੂਨੀਅਨ ਦੇ ਨੁਮਾਇੰਦਿਆਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਬਹੁਤੇ ਮਸਲਿਆਂ ਦੇ ਜਲਦ ਨਿਪਟਾਰੇ ਦਾ ਭਰੋਸਾ ਦਿੱਤਾ ਗਿਆ।ਯੂਨੀਅਨ ਆਗੂਆਂ ਨੇ ਆਸ ਪ੍ਰਗਟਾਈ ਕਿ ਮੀਟਿੰਗ ਵਿੱਚ ਹੋਈ ਸਹਿਮਤੀ ਅਨੁਸਾਰ ਵਿਭਾਗ ਜਲਦ ਫ਼ੈਸਲੇ ਲਾਗੂ ਕਰੇਗਾ, ਜਿਸ ਨਾਲ ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਨੂੰ ਵੱਡੀ ਰਾਹਤ ਮਿਲੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ