JALANDHAR WEATHER

ਬਿੱਲ ਨਾ ਭਰਨ ਕਾਰਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਬਿਜਲੀ ਸਪਲਾਈ ਦੋ ਦਿਨਾਂ ਤੋਂ ਬੰਦ

ਮਾਛੀਵਾੜਾ ਸਾਹਿਬ (ਲੁਧਿਆਣਾ), 17 ਜੁਲਾਈ (ਰਾਜਦੀਪ ਸਿੰਘ ਅਲਬੇਲਾ) - ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਿੱਖਿਆ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਅੱਜ ਇਹ ਦਾਅਵੇ ਉਸ ਸਮੇਂ ਖੋਖਲੇ ਸਾਬਿਤ ਹੋਏ ਜਦੋਂ ਮਾਛੀਵਾੜਾ ਸਾਹਿਬ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੰਬਰ 3, ਜਿੱਥੇ ਪਿਛਲੇ 2 ਦਿਨਾਂ ਤੋਂ ਬਿੱਲ ਨਾ ਭਰਨ ਕਾਰਨ ਬਿਜਲੀ ਸਪਲਾਈ ਬੰਦ ਹੈ। ਜਦੋਂ ਇਸ ਸਬੰਧੀ ਪੱਤਰਕਾਰਾਂ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ ’ਤੇ ਪੁੱਜੇ ਤਾਂ ਉੱਥੇ ਜਾ ਕੇ ਦੇਖਿਆ ਕਿ ਪੜ੍ਹਨ ਆਏ ਛੋਟੇ-ਛੋਟੇ ਮਾਸੂਮ ਬੱਚੇ ਗਰਮੀ ਨਾਲ ਹਾਲੋ-ਬੇਹਾਲ ਹੋਏ ਦਿਖਾਈ ਦਿੱਤੇ ਜੋ ਕਿ ਆਪਣੇ ਹੱਥਾਂ ਵਿਚ ਕਿਤਾਬਾਂ, ਕਾਪੀਆਂ ਫੜ੍ਹ ਪੱਖੀਆਂ ਦੇ ਤੌਰ ’ਤੇ ਝੱਲ ਰਹੇ ਸਨ।

ਸਕੂਲ ਅਧਿਆਪਕਾ ਮੋਨਿਕਾ ਨੇ ਦੱਸਿਆ ਕਿ ਪਿਛਲੇ ਕੁਝ ਮਹੀਨੇ ਤੋਂ ਪ੍ਰਾਇਮਰੀ ਸਕੂਲ ਵਿਚ ਬਿਜਲੀ ਵਿਭਾਗ ਨੇ ਚਿਪ ਵਾਲਾ ਮੀਟਰ ਲਗਾ ਦਿੱਤਾ ਗਿਆ ਜਿਸ ਕਾਰਨ ਕੱਲ੍ਹ ਉਸਦੀ ਸਪਲਾਈ ਬੰਦ ਹੋ ਗਈ ਜਿਸ ਤੋਂ ਬਾਅਦ ਪੱਖੇ, ਲਾਈਟਾਂ ਤੋਂ ਇਲਾਵਾ ਪੀਣ ਵਾਲਾ ਪਾਣੀ ਵੀ ਨਹੀਂ ਉਪਲੱਬਧ ਨਹੀਂ ਹੈ। ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਗਰੀਬ ਮਾਪਿਆਂ ਦੇ ਪੜ੍ਹਨ ਆਉਂਦੇ ਛੋਟੇ-ਛੋਟੇ ਬੱਚਿਆਂ ਦਾ ਬੁਰਾ ਹਾਲ ਸੀ ਅਤੇ ਕਈ ਬੱਚੇ ਤਾਂ ਪੱਖੇ ਨਾ ਚੱਲਣ ਕਾਰਨ ਪਸੀਨੇ ਨਾਲ ਭਿੱਜੇ ਵੀ ਦਿਖਾਈ ਦਿੱਤੇ।

ਅਧਿਆਪਕਾ ਮੋਨਿਕਾ ਨੇ ਦੱਸਿਆ ਕਿ ਪਹਿਲਾਂ ਬਿਜਲੀ ਦਾ ਬਿੱਲ ਆਉਂਦਾ ਸੀ ਜਿਸ ਦੀ ਅਦਾਇਗੀ ਹੋ ਜਾਂਦੀ ਸੀ ਪਰ ਹੁਣ ਚਿੱਪ ਵਾਲਾ ਮੀਟਰ ਲੱਗਣ ਕਾਰਨ ਪਿੱਛੋਂ ਸਪਲਾਈ ਬੰਦ ਕਰ ਦਿੱਤੀ ਗਈ ਜਿਸ ਸਬੰਧੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਕਿ ਜਲਦ ਇਸ ਦੀ ਸਪਲਾਈ ਬਹਾਲ ਕੀਤੀ ਜਾਵੇ। ਦੂਜੇ ਪਾਸੇ ਪੰਜਾਬ ਸਰਕਾਰ ਦੇ ਏ.ਸੀ. ਦਫ਼ਤਰਾਂ ਵਿਚ ਬੈਠੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਇਹ ਸਮਾਰਟ ਸਕੂਲ ਤਾਂ ਬਣਾ ਦਿੱਤੇ ਗਏ ਪਰ ਹਾਲਾਤ ਇਹ ਹਨ ਕਿ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ 165 ਬੱਚਿਆਂ ਨੂੰ ਪੜ੍ਹਾਉਣ ਲਈ ਕੇਵਲ 1 ਅਧਿਆਪਕ ਮੌਜੂਦ ਸੀ। ਹੁੰਮਸ ਭਰੀ ਗਰਮੀ ਵਿਚ ਜਿੱਥੇ ਇੱਕ ਅਧਿਆਪਕਾ ਇਨ੍ਹਾਂ 5 ਜਮਾਤਾਂ ਦੇ ਬੱਚਿਆਂ ਨੂੰ ਪੜ੍ਹਾਉਣ ਵਿਚ ਜੁਟੀ ਹੋਈ ਸੀ ਉੱਥੇ ਬੱਚੇ ਗਰਮੀ ਕਾਰਨ ਕਮਰਿਆਂ ਦੀ ਬਜਾਏੇ ਬਾਹਰ ਖੁੱਲ੍ਹੇ ਵਰਾਂਡੇ ਵਿਚ ਬੈਠ ਕੇ ਪੜ੍ਹਨ ਨੂੰ ਮਜ਼ਬੂਰ ਸਨ ਕਿਉਂਕਿ ਅੰਦਰ ਨਾ ਤਾਂ ਰੌਸ਼ਨੀ ਸੀ ਅਤੇ ਨਾ ਹੀ ਪੱਖੇ।

ਸਰਕਾਰ ਦੇ ਏ.ਸੀ. ਕਮਰਿਆਂ ਵਿਚ ਬੈਠੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਗਰਮੀ ਵਿਚ ਹਾਲੋ-ਬੇਹਾਲ ਹੋਏ ਬੈਠੇ ਬੱਚਿਆਂ ਦੀ ਤਕਲੀਫ਼ ਕਿਉਂ ਨਹੀਂ ਦਿਖਾਈ ਦਿੱਤੀ। ਜਦੋਂ ਇਸ ਸਬੰਧੀ ਬਲਾਕ ਸਿੱਖਿਆ ਅਫ਼ਸਰ ਰਾਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਚਿੱਪ ਵਾਲੇ ਮੀਟਰ ਲੱਗਣ ਕਾਰਨ ਇਹ ਸਮੱਸਿਆ ਆਈ ਹੈ ਕਿਉਂਕਿ ਪਹਿਲਾਂ ਵਾਲੇ ਬਿਜਲੀ ਮੀਟਰਾਂ ਦੇ ਬਿੱਲ ਦੀ ਅਦਾਇਗੀ ਕਰ ਦਿੱਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਹੈ ਅਤੇ ਜਲਦ ਹੀ ਬਿਜਲੀ ਸਪਲਾਈ ਬਹਾਲ ਹੋ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ